(ਸਮਾਜ ਵੀਕਲੀ)
ਇਕ ਬਾਦਸ਼ਾਹ ਸੀ। ਉਸਨੇ ਦਸ ਖੁੰਖਾਰ ਕੁੱਤੇ ਪਾਲੇ ਹੋਏ ਸਨ। ਉਸਦੇ ਦਰਬਾਰੀਆਂ ਜਾਂ ਮੰਤਰੀਆਂ ਤੋਂ ਜਦੋਂ ਵੀ ਕੋਈ ਮਾਮੂਲੀ ਜਿਹੀ ਗ਼ਲਤੀ ਵੀ ਹੋ ਜਾਂਦੀ ਤਾਂ ਉਹ ਉਨ੍ਹਾਂ ਨੂੰ ਆਪਣੇ ਇਨ੍ਹਾਂ ਖੁੰਖਾਰ ਕੁੱਤਿਆਂ ਤੋਂ ਪੜਵਾ ਛੱਡਦਾ। ਇੱਕ ਵਾਰ ਉਸਦੇ ਇੱਕ ਵਿਸ਼ਵਾਸ ਪਾਤਰ ਸੇਵਾਦਾਰ ਤੋਂ ਇੱਕ ਛੋਟੀ ਜਿਹੀ ਭੁੱਲ ਹੋ ਗਈ। ਬਾਦਸ਼ਾਹ ਨੇ ਉਸਨੂੰ ਵੀ ਕੁੱਤਿਆਂ ਦੇ ਸਾਹਮਣੇ ਸੁੱਟਣ ਦਾ ਆਦੇਸ਼ ਦੇ ਦਿੱਤਾ। ਉਸ ਸੇਵਾਦਾਰ ਨੇ ਆਪਣੀ ਦਸ ਸਾਲ ਦੀ ਸੇਵਾ ਦਾ ਵਾਸਤਾ ਪਾਇਆ ਪਰ ਬਾਦਸ਼ਾਹ ਨੇ ਉਸਦੀ ਇੱਕ ਨਾ ਸੁਣੀ। ਆਖ਼ਰ ਸੇਵਾਦਾਰ ਨੇ ਆਪਣੇ ਲਈ ਦਸ ਦਿਨਾਂ ਦੀ ਮੋਹਲਤ ਮੰਗੀ ਜਿਹੜੀ ਉਸਨੂੰ ਦੇ ਦਿੱਤੀ ਗਈ।
ਸੇਵਾਦਾਰ ਤੁਰੰਤ ਖੁੰਖਾਰ ਕੁੱਤਿਆਂ ਦੇ ਰੱਖਵਾਲੇ ਤੇ ਸੇਵਕ ਦੇ ਕੋਲ ਗਿਆ ਤੇ ਉਸਨੂੰ ਬੇਨਤੀ ਕੀਤੀ ਕਿ ਉਹ ਉਸਨੂੰ ਦਸ ਦਿਨ ਆਪਣੇ ਨਾਲ ਕੰਮ ਕਰਨ ਦਾ ਮੌਕਾ ਦੇ ਦੇਵੇ। ਕਿਸਮਤ ਉਸਦੇ ਨਾਲ ਸੀ। ਰੱਖਵਾਲੇ ਨੇ ਉਸਨੂੰ ਆਪਣੇ ਨਾਲ ਰੱਖ ਲਿਆ। ਦਸ ਦਿਨਾਂ ਤੱਕ ਉਸਨੇ ਕੁੱਤਿਆਂ ਨੂੰ ਨਵਾਇਆ, ਸਹਿਲਾਇਆ ਤੇ ਖੁਆ ਪਿਆ ਕੇ ਖੂਬ ਸੇਵਾ ਕੀਤੀ। ਆਖ਼ਰ ਫੈਸਲੇ ਮੁਤਾਬਕ ਸਜ਼ਾ ਵਾਲੇ ਦਿਨ ਉਸਨੂੰ ਖੁੰਖਾਰ ਕੁੱਤਿਆਂ ਸਾਹਮਣੇ ਸੁਟਵਾ ਦਿੱਤਾ ਗਿਆ।
ਬਾਦਸ਼ਾਹ ਨੇ ਦੇਖਿਆ ਕਿ ਖੁੰਖਾਰ ਕੁੱਤੇ ਉਸਨੂੰ ਖਾਣ ਦੀ ਬਜਾਏ ਪਿਆਰ ਨਾਲ ਚੱਟਣ ਲੱਗ ਪਏ । ਬਾਦਸ਼ਾਹ ਨੂੰ ਇਹ ਸਭ ਦੇਖ ਕੇ ਬਹੁਤ ਹੈਰਾਨੀ ਹੋਈ। ਪੁੱਛਣ ਤੇ ਉਸ ਸੇਵਾਦਾਰ ਨੇ ਦੱਸਿਆ ਕਿ ਇਨ੍ਹਾਂ ਖੁੰਖਾਰ ਕੁੱਤਿਆਂ ਨੇ ਸਿਰਫ ਦਸ ਦਿਨਾਂ ਦੀ ਸੇਵਾ ਬਦਲੇ ਮੈਨੂੰ ਇੰਨਾ ਮਾਣ ਬਖਸ਼ਿਆ ਹੈ। ਪਰ ਬਾਦਸ਼ਾਹ ਸਲਾਮਤ ਤੁਸੀਂ ਮੇਰੀ ਸਾਲਾਂ ਬੱਧੀ ਸੇਵਾ ਨੂੰ ਇੱਕ ਛੋਟੀ ਜਿਹੀ ਭੁੱਲ ਬਦਲੇ ਭੁਲਾ ਦਿੱਤਾ ਹੈ। ਬਾਦਸ਼ਾਹ ਨੂੰ ਲੱਗਿਆ ਕਿ ਇਹ ਉਸਨੂੰ ਦਸ ਦਿਨਾਂ ਦੀ ਛੋਟ ਦੇਣ ਦਾ ਨਤੀਜਾ ਹੈ। ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਫੌਰਨ ਉਸ ਸੇਵਾਦਾਰ ਨੂੰ ਭੁੱਖੇ ਮਗਰਮੱਛਾਂ ਸਾਹਮਣੇ ਸੁੱਟਣ ਦਾ ਆਦੇਸ਼ ਦੇ ਦਿੱਤਾ।
ਸਬਕ : ਆਖਰੀ ਫੈਸਲਾ ਮੈਨੇਜਮੈਂਟ ਦਾ ਹੀ ਹੁੰਦਾ ਹੈ। ਉਸ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ।
ਜਿੱਥੇ ਵੀ ਕੰਮ ਕਰ ਰਹੇ ਹੋ ਰੱਬ ਦਾ ਸ਼ੁਕਰ ਮਨਾਓ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ। ਮੈਨੇਜਮੈਂਟ ਦੀਆਂ ਤੋਪਾਂ ਤਾਂ ਹਮੇਸ਼ਾ ਬੀੜੀਆਂ ਖੜੀਆਂ ਹਨ। ਇੰਤਜ਼ਾਰ ਸਿਰਫ਼ ਗਲਤੀ ਹੋਣ ਦੀ ਹੈ।
( ਸੀਰੀਜ਼ : ਗੰਗਾ ਸਾਗਰ ਵਿਚੋਂ )
ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 8360487488,
9256346906
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly