ਨਵੀਂ ਦਿੱਲੀ (ਸਮਾਜ ਵੀਕਲੀ) :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਮਾੜੇ ਪ੍ਰਬੰਧਨ ਅਤੇ ਅਰਾਜਕਤਾ ਦੇ ਮਾਹੌਲ ਵਿੱਚ ਸੁਧਾਰ ਕਰਨੇ ਸੰਭਵ ਨਹੀਂ ਹਨ, ਇਸ ਵਾਸਤੇ ਬਿਹਾਰ ਵਿੱਚ ਨਿਰਵਿਘਨ ਵਿਕਾਸ ਅਤੇ ਭਲਾਈ ਸਕੀਮਾਂ ਜਾਰੀ ਰੱਖਣੀਆਂ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਨਿਤੀਸ਼ ਕੁਮਾਰ ਸਰਕਾਰ ਦੀ ਲੋੜ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਗੇੜ ਦੀਆਂ ਵੋਟਾਂ ਤੋਂ ਪਹਿਲਾਂ ਬਿਹਾਰ ਵਾਸੀਆਂ ਨੂੰ ਲਿਖੇ ਇਕ ਖੁੱਲ੍ਹੇ ਪੱਤਰ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਸਿਰਫ਼ ਐੱਨਡੀਏ ਸਰਕਾਰ ਹੀ ਸੂਬੇ ਦੇ ਵਿਕਾਸ ਲਈ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਬਿਹਾਰ ਦੇ ਵਿਕਾਸ ਸਬੰਧੀ ਪੂਰਾ ਭਰੋਸਾ ਹੈ। ਬਿਹਾਰ ਦੇ ਵਿਕਾਸ ਵਿੱਚ ਕੋਈ ਖੜ੍ਹੋਤ ਨਾ ਆਏ ਅਤੇ ਉੱਥੇ ਭਲਾਈ ਸਕੀਮਾਂ ਨਿਰਵਿਘਨ ਜਾਰੀ ਰੱਖਣੀਆਂ ਯਕੀਨੀ ਬਣਾਉਣ ਲਈ ਮੈਨੂੰ ਬਿਹਾਰ ਵਿੱਚ ਨਿਤੀਸ਼ ਸਰਕਾਰ ਦੀ ਲੋੜ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ‘ਡਬਲ ਇੰਜਣ’ ਦੀ ਸ਼ਕਤੀ ਇਸ ਦਹਾਕੇ ਵਿੱਚ ਬਿਹਾਰ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲੈ ਕੇ ਜਾਵੇਗੀ।
ਚਾਰ ਪੰਨਿਆਂ ਦੇ ਇਸ ਪੱਤਰ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਿਕ ਤੇ ਆਰਥਿਕ ਖੁਸ਼ਹਾਲੀ ਲਈ ਵਧੀਆ ਢਾਂਚਾ ਅਤੇ ਕਾਨੂੰਨ ਦਾ ਰਾਜ ਜ਼ਰੂਰੀ ਹੈ ਅਤੇ ਬਿਹਾਰ ਵਿੱਚ ਇਹ ਸਿਰਫ਼ ਐੱਨਡੀਏ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਐੱਨਡੀਏ ਨੇ ਬਿਹਾਰ ਵਿੱਚ ਬਿਜਲੀ, ਪਾਣੀ, ਸੜਕਾਂ, ਸਿਹਤ, ਸਿੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਕਾਇਮ ਕਰਨ ਸਮੇਤ ਸਾਰੇ ਖੇਤਰਾਂ ਵਿੱਚ ਕੰਮ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਬਿਹਾਰ ਚੋਣਾਂ ਵਿੱਚ ਪੂਰਾ ਧਿਆਨ ਵਿਕਾਸ ’ਤੇ ਰਿਹਾ।