ਮੈਟਰੋ ਪ੍ਰਾਜੈਕਟ: ਕਿਰਨ ਖੇਰ ਤੇ ਪਵਨ ਬਾਂਸਲ ’ਚ ਸਿਆਸੀ ਜੰਗ ਭਖ਼ੀ

ਚੰਡੀਗੜ੍ਹ ਰੈਜੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ ਵੱਲੋਂ ਚੇਅਰਮੈਨ ਹਿਤੇਸ਼ ਪੁਰੀ ਦੀ ਅਗਵਾਈ ਹੇਠ ਅੱਜ ਪ੍ਰੈਸ ਕਲੱਬ ਵਿਚ ਚੰਡੀਗੜ੍ਹ ਦੇ ਮੁੱਦਿਆਂ ਉਪਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਕਰਵਾਏ ਪ੍ਰੋਗਰਾਮ ਦੌਰਾਨ ਉਮੀਦਵਾਰਾਂ ਵਿਚਕਾਰ ਸਿਆਸੀ ਜੰਗ ਹੋਈ। ਸਭ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਪਵਨ ਬਾਂਸਲ ਜਨਤਾ ਦੇ ਰੁਬਰੂ ਹੋਏ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਟਰੈਫਿਕ ਦੀ ਭਾਰੀ ਸਮੱਸਿਆ ਹੈ ਅਤੇ ਕਿਰਨ ਖੇਰ ਨੇ ਇਥੋਂ ਮੈਟਰੋ ਪ੍ਰੋਜੈਕਟ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਾਂਗ ਤਾਨਾਸ਼ਾਹ ਬਣ ਕੇ ਖੂਹਖਾਤੇ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਰਨ ਖੇਰ ਨੇ ਚੰਡੀਗੜ੍ਹ ਦੇ ਲੋਕਾਂ ਦੀ ਰਾਏ ਲਏ ਬਿਨਾਂ ਮੈਟਰੋ ਪ੍ਰਾਜੈਕਟ ਠੱਪ ਕਰਵਾਇਆ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਕਿਰਨ ਪਹਿਲਾਂ ਕਹਿੰਦੀ ਸੀ ਕਿ ਇਥੇ ਮੋਨੋ ਰੇਲ ਚਲਾਵਾਂਗੇ ਪਰ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਇਥੇ ਇਲੈਕਟ੍ਰਿਕ ਡਬਲ ਡੈਕਰ ਸਕਾਈ ਬੱਸਾਂ ਚਲਾਉਣ ਦਾ ‘ਸਗੂਫਾ’ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਸਕਾਈ ਬੱਸਾਂ ਤਾਂ ਕੇਵਲ ਪਹਾੜੀ ਖੇਤਰਾਂ ਲਈ ਹੀ ਹਨ। ਸ੍ਰੀ ਬਾਂਸਲ ਨੇ ਮੈਟਰੋ ਚਲਾਉਣ ਲਈ ਸਾਰੇ ਸ਼ਹਿਰ ਦੀ ਪੁਟਾਈ ਹੋਣ ਦੇ ਦਾਅਵੇ ਦਾ ਵੀ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ ਕਿਰਨ ਦਾਅਵਾ ਕਰਦੀ ਹੈ ਕਿ ਉਹ ਚੰਡੀਗੜ੍ਹ ਵਿਚ 24 ਘੰਟੇ ਪਾਣੀ ਦੀ ਸਪਲਾਈ ਕਰੇਗੀ ਪਰ ਇਸ ਨਾਲ ਪਾਣੀ ਦੀਆਂ ਦਰਾਂ ਦੁਗਣੀਆਂ ਹੋ ਜਾਣਗੀਆਂ। ਸ੍ਰੀ ਬਾਂਸਲ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਬਾਹਰੀ ਕੰਪਨੀ ਕੋਲੋਂ ਸਰਵੇ ਕਰਵਾ ਕੇ ਚੰਡੀਗੜ੍ਹ ਵਿਚ ਵੈਂਡਰਜ਼ ਬਾਰੇ ਜੋ ਐਕਟ ਬਣਾਇਆ ਹੈ, ਉਸ ਨਾਲ ਵੈਂਡਰਜ਼ ਸਮੇਤ ਸਾਰੇ ਸ਼ਹਿਰ ਦੀ ਸਿਰਦਰਦੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਕਿਰਨ ਨੇ ਪ੍ਰਾਪਰਟੀ ਫਰੀ ਹੋਲਡ ਕਰਵਾਉਣ ਦੀ ਫੀਸ 1710 ਰੁਪਏ ਤੋਂ ਵਧਾ ਕੇ 84,000 ਰੁਪਏ ਕਰ ਦਿੱਤੀ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਉਹ ਚੰਡੀਗੜ੍ਹ ਨੂੰ ਸਮਾਰਟ ਸਿਟੀ ਦੇ ਨਾਲ ‘ਸੇਫ ਸਿਟੀ’ ਬਣਾਉਣਾ ਚਾਹੁੰਦੇ ਹਨ। ਈਡਬਲਿਊਐਸ ਮਕਾਨ ਉਨ੍ਹਾਂ ਦੇ ਵੇਲੇ ਹੀ ਲੋਕਾਂ ਨੂੰ ਅਲਾਟ ਕੀਤੇ ਗਏ ਸਨ ਅਤੇ 10 ਸਾਲ ਬਾਅਦ ਸਬੰਧਤ ਵਿਅਕਤੀਆਂ ਨੂੰ ਮਾਲਕਾਨਾ ਹੱਕ ਦਿਵਾਉਣ ਦਾ ਨਿਯਮ ਬਣਾਇਆ ਜਾਵੇਗਾ। ਇਸ ਤੋਂ ਬਾਅਦ ਕਿਰਨ ਖੇਰ ਨੇ ਸਟੇਜ ਸਾਂਭਦਿਆਂ ਕਿਹਾ ਕਿ ਸ੍ਰੀ ਬਾਂਸਲ ਨੇ ਆਪਣੇ ਸਮੇਂ ‘ਟਰੰਪ’ ਬਣ ਕੇ ਮੈਟਰੋ ਰੇਲ ਕਿਉਂ ਨਹੀਂ ਚਲਾਈ। ਉਨ੍ਹਾਂ ਕਿਹਾ ਕਿ ਮੈਟਰੋ ਰੇਲ ਪ੍ਰਾਜੈਕਟ ਦਾ ਖਰਚਾ 14,000 ਕਰੋੜ ਰੁਪਏ ਬਣਦਾ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਕੋਲ ਤਾਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ। ਇਸ ਲਈ ਉਹ ਮੈਟਰੋ ਉਪਰ ਹਜ਼ਾਰ ਕਰੋੜ ਰੁਪਏ ਕਿਵੇਂ ਖਰਚ ਸਕਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ (ਕਾਂਗਰਸੀਆਂ) ਨੂੰ ਝੂਠ ਬੋਲਣ ਤੋਂ ਇਲਾਵਾ ਕੁਝ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਟ੍ਰਿਬਿਊਨ ਚੌਕ ’ਤੇ ਫਲਾਈਓਵਰ ਲਈ ਕਿੰਨੇ ਦਰੱਖਤ ਕੱਟਣੇ ਪੈ ਰਹੇ ਹਨ ਅਤੇ ਮੈਟਰੋ ਪ੍ਰੋਜੈਕਟ ਲਈ ਤਾਂ ਹਰੇਕ ਸੈਕਟਰ ਵਿਚ ਹੀ ਕਟਾਈ ਕਰਨੀ ਪੈਣੀ ਸੀ। ਉਨ੍ਹਾਂ ਕਿਹਾ ਕਿ ਡੱਡੂਮਾਜਰਾ ਵਿਚ ਗਾਰਬੇਜ ਪ੍ਰੋਜੈਕਟ ਦਾ ਠੇਕਾ ਸ੍ਰੀ ਬਾਂਸਲ ਵੇਲੇ ਹੀ ਜੇਪੀ ਕੰਪਨੀ ਨੂੰ ਅਜਿਹੀਆਂ ਸ਼ਰਤਾਂ ਲਗਾ ਕਿ ਦਿੱਤਾ ਸੀ ਕਿ ਉਸ ਤੋਂ ਖਹਿੜਾ ਹੀ ਨਾ ਛੁਡਾਇਆ ਜਾ ਸਕੇ ਜਦਕਿ ਹੁਣ ਉਹ (ਬਾਂਸਲ) ਕਹਿ ਰਹੇ ਹਨ ਕਿ ਡੇਢ ਸਾਲ ਵਿਚ ਕੂੜੇ ਦੇ ਪਹਾੜ ਨੂੰ ਸਾਫ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵੀ ਸ੍ਰੀ ਬਾਂਸਲ ਵੇਲੇ ਹੀ ਬਣੀ ਸੀ ਅਤੇ ਉਦੋਂ ਗਲਤ ਰੂਲ ਵੀ ਉਨ੍ਹਾਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਜੇ ਮਾਪੇ ਆਪਣੇ ਮੁੰਡਿਆਂ ਨੂੰ ਰਾਤ 9 ਵਜੇ ਤੋਂ ਬਾਅਦ ਬਾਹਰ ਨਾ ਜਾਣ ਦੇਣ ਤਾਂ ਕੁੜੀਆਂ ਆਪਣੇ ਆਪ ਹੀ ਸੁਰੱਖਿਅਤ ਰਹਿ ਸਕਦੀਆਂ ਹਨ। ਉਨ੍ਹਾਂ ਲਾਵਾਰਿਸ ਕੁੱਤਿਆਂ ਦੀ ਸਮੱਸਿਆ ਦਾ ਵੀ ਕੋਈ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਹਰਮੋਹਨ ਧਵਨ ਨੇ ਸ੍ਰੀ ਬਾਂਸਲ ਅਤੇ ਕਿਰਨ ਖੇਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਆਪਣੀ ਥੋੜੇ ਸਮੇਂ ਦੀ ਸਰਕਾਰ ਦੌਰਾਨ ਕੀਤੀਆਂ ਪ੍ਰਾਪਤੀਆਂ ਦੇ ਵੇਰਵੇ ਦਿੱਤੇ। ਇਸ ਮੌਕੇ ਚੰਡੀਗੜ੍ਹ ਦੀ ਆਵਾਜ਼ ਪਾਰਟੀ ਦੇ ਉਮੀਦਵਾਰ ਅਵਿਨਾਸ਼ ਸਿੰਘ ਸ਼ਰਮਾ ਨੇ ਵੀ ਆਪਣਾ ਏਜੰਡਾ ਲੋਕਾਂ ਮੂਹਰੇ ਰੱਖਿਆ।

Previous article‘ਆਪ’ ਲਈ ਪ੍ਰਚਾਰ ’ਚ ਨਿੱਤਰੇ ਪ੍ਰਕਾਸ਼ ਰਾਜ
Next articleਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ’ਚ ਰੋਸ