**ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ **

(ਸਮਾਜ ਵੀਕਲੀ)

ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗੌਰ ਫਰਮਾਓ ।
ਦੱਸਣ ਲੱਗੀ ਹਾਂ ਥੋਨੂੰ ਮੈਂ ਇੱਥੋਂ ਤਕ ਕਿੰਜ ਪਹੁੰਚੀ ,
ਆਪਣੀਆਂ ਧੀਆਂ ਨੂੰ ਵੀ ਮੇਰੀ ਕਥਾ ਸੁਣਾਓ   ।
ਕਿਤੇ ਮੇਰੇ ਵਾਲੀ ਗਲਤੀ ਨਾ ਕਰ ਲੈਣ ਉਹ ਵੀ,
ਇਸ ਤੋਂ ਪਹਿਲਾਂ ਮੇਰੀ ਹਾਲਤ ਤੁਸੀਂ ਵਾਖਾਇਓ।
ਇਹ ਭੂਤ ਇਸ਼ਕ ਅਕਲੋਂ ਅੰਨ੍ਹੀ ਕਰ ਦਿੰਦਾ ,
ਮੇਰੀ ਗੱਲ ਲਾਜ਼ਮੀ ਉਨ੍ਹਾਂ ਦੇ ਕੰਨ ਪਾਇਓ।
ਮੈਂ ਵੇਸਵਾ ਬੋਲ ਰਹੀ ਹਾਂ  ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗ਼ੌਰ ਫਰਮਾਓ  ।

ਮੈਂ ਦਸਵੀਂ  ਵਿੱਚ ਪੜ੍ਹਦੀ ਹੀਰ ਕਹਾਉਣ ਲੱਗੀ,
ਕਲਯੁੱਗੀ ਰਾਂਝੇ ਨੇ ਮੈਨੂੰ  ਪਿਆਰ ਦੇ ਵਿੱਚ ਫਸਾਇਆ  ।
ਮੇਰੇ ਮਾਪੇ ਵੀ ਮੈਨੂੰ ਜੱਜ ਬਣਾਉਣਾ ਚਾਹੁੰਦੇ ਸੀ,
ਪਰ ਮੈਂ ਮਹਿਲ  ਉਮੀਦਾਂ ਵਾਲਾ ਲੋਕੋ ਢਾਹਿਆ  ।
ਗਹਿਣਾ ਗੱਟਾ ਚੋਰੀ ਕਰ ਘਰੋਂ ਨੱਠ ਗਈ,
ਪਹੁੰਚੀ ਕਿੱਥੇ ਉਹ ਵੀ ਸਟੇਸ਼ਨ ਤੁਸੀਂ ਦਿਖਾਇਓ   ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗ਼ੌਰ ਫਰਮਾਓ  ।

ਮੇਰੇ ਮਾਪਿਆਂ ਨੇ ਵੀ ਮੈਂ ਲਾਡਾਂ ਨਾਲ ਪਾਲੀ ਸੀ ,
ਮੈਨੂੰ ਪਲਕਾਂ ਉੱਤੇ ਰੱਖਿਆ ਉਨ੍ਹਾਂ ਬਿਠਾ ਕੇ  ।
ਜੀਹਦੀ ਪਤਨੀ ਬਣਨ ਦੇ ਸੁਪਨੇ ਵੇਖੇ ਅੱਖੀਆਂ ਨੇ,
ਉਹਨੇ ਕੋਠੇ ਉੱਤੇ ਵੇਚਿਆ ਮੈਨੂੰ ਲਿਜਾ ਕੇ  ।
ਦੱਲਿਆਂ ਦੇ ਹੱਥ ਚੜ੍ਹੀ ਜਵਾਨੀ ਮੇਰੀ ਨੂੰ,
ਰੋ ਰੋ ਆਖਿਆ ਸੀਗਾ ਮੈਂ ਵੀ ਕੋਈ ਬਚਾਇਓ  ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ  ,
ਇੱਜ਼ਤ ਦਾਰੋ ਮੇਰੀ ਗੱਲ ਤੇ ਗੌਰ ਫ਼ੁਰਮਾਓ।

ਮਾਰ ਮਾਰ ਮੇਰਾ ਪਟੇ ਦੇਹੜਿਆ ਜੰਮ ਗਿਆ  ,
ਭੁੱਖੀ ਪਿਆਸੀ ਰੱਖਿਆ ਜਿੰਦੇ ਕੂੰਡੇ  ਲਾ ਕੇ  ।
ਕਰ ਮਜਬੂਰ ਮੈਨੂੰ ਵੀ ਧੰਦੇ ਉੱਤੇ ਬਿਠਾ ਦਿੱਤਾ ,
ਅਧੀਆ ਦਾਰੂ ਦਾ ਧੱਕੇ ਦੇ ਨਾਲ ਪਿਲਾ ਕੇ  ।
ਜਬਰਨ ਇੱਥੇ ਨਿੱਤ ਪਰਾਹੁਣਾ ਬਣਦਾ ਅੈ,
ਮਰਜ਼ੀ ਮੇਰੀ ਕਿੱਥੇ ਸ਼ਾਮਿਲ ਮੈਨੂੰ ਵਖਾਇਓ।
ਮੈਂ ਵੇਸਵਾ ਬੋਲ ਰਹੀਆਂ ਕੋਠੇ  ਤੋਂ ,
ਇੱਜ਼ਤਦਾਰੋ ਮੇਰੀ ਗੱਲ ਤੇ ਗ਼ੌਰ ਫਰਮਾਓ  ।

ਮਾਂ ਤਾਂ ਬਣ ਗਈਆਂ ਪਿਓ ਦਾ ਪਤਾ ਨਹੀਂ,
ਤਾਪ ਹਵਸ ਦਾ ਸੀ ਖੌਰੇ ਕੀਹਨੇ ਲਾਹਇਆ  ।
ਵੇਸਵਾ ਦੀ ਧੀ ਸਿੱਖ ਜੇ ਆ ਉ ਮੰਜੇ ਥੱਲਿਓਂ ਈ  ,
ਨਾ ਪਾਠ ਇੱਜ਼ਤ ਦਾ ਸਾਨੂੰ ਕਿਸੇ ਪੜ੍ਹਾਇਆ  ।
ਹੱਥ ਜੋੜ ਕੇ ਕਰਾਂ ਬੇਨਤੀ ਕੁੜੀਆਂ ਚਿੜੀਆਂ ਨੂੰ,
ਗ਼ਲਤੀ ਨਾ ਮੇਰੀ ਮਿੰਨਤ ਨਾਲ ਦੁਹਰਾਓ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗੌਰ ਫਰਮਾਓ  ।

ਮਰਦੀ ਨੂੰ ਅੱਕ ਚੱਬਣਾ ਪਿਆ ਬੇਚਾਰੀ ਨੂੰ ,
ਮੈਨੂੰ ਰਾਹ ਨਾ  ਬਚਣ ਦਾ ਕਿਸੇ ਨੇ ਜਦੋਂ ਦਿਖਾਇਆ   ।
ਸਾਡੀ ਨਾ ਮੰਤਰੀ ਨਾ ਕੋਈ ਲੀਡਰ ਸਾਰ ਲਵੇ,
ਕੋਈ  ਸਕੂਲ ਕਾਲਜ ਨਾ ਸਾਡੇ ਲਈ ਬਣਾਇਆ  ।
ਸਾਡੇ ਹੱਕ ਲਈ ਲੜਿਆ ਨਾ ਅੱਜ ਤਕ ਕੋਈ  ,
ਨਾ ਸਾਨੂੰ ਸਾਡਾ ਕਿਸੇ ਨੇ ਹੱਕ ਦਵਾਇਆ  ।
ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗੌਰ ਫਰਮਾਓ।

ਇੱਜ਼ਤਦਾਰ ਹੀ ਉਂਗਲਾਂ ਵੇਸਵਾ ਉੱਤੇ ਚੱਕ ਦੇ ਨੇ ,
ਮੂੰਹ ਕਰਦੇ ਕਾਲਾ ਕੋਠੇ ਤੇ ਜੋ ਆ ਕੇ  ।
ਮੇਰੀ ਗੱਲ ਸੁਣਦੇ ਲਈ ਦਿਲੋਂ ਧੰਨਵਾਦ ਥੋਡਾ  ,
ਧੀਆਂ ਰੱਖਿਓ ਤੁਸੀਂ ਹੈਵਾਨਾਂ ਕੋਲੋਂ ਬਚਾ ਕੇ ।
ਮਰਜ਼ੀ ਦੇ ਨਾਲ ਕੌਣ ਵੇਸਵਾ ਬਣਦੀ ਆ,
ਵੀਰਪਾਲ ਦੀ ਕਲਮ ਦਾ ਲਿਖਿਆ ਸੱਚ ਪਚਾਇਓ    ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ ,
ਇੱਜ਼ਤਦਾਰੋ  ਮੇਰੀ ਗੱਲ ਤੇ ਗ਼ੌਰ ਫਰਮਾਓ।

ਵੀਰਪਾਲ ਕੌਰ ਭੱਠਲ

Previous articleਪੰਜਾਬ ਦੇ ਪਿੰਡਾਂ ਦੇ ਮੇਲਿਆਂ ਵਿੱਚੋਂ ਪੰਜਾਬੀ ਹੋਏ ਗ਼ਾਇਬ !
Next articleਗੀਤ