ਮੈਂ ਵੀ ਪੇਪਰ ਪਾ ਕੇ ਪਾਸ ਹੋਣਾ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਮੇਰੇ ਕੋਲ ਤੀਸਰੀ ਜਮਾਤ , ਪ੍ਰੀ – ਪ੍ਰਾਇਮਰੀ – ਇੱਕ ( ਐੱਲ .ਕੇ . ਜੀ .) ਅਤੇ ਪ੍ਰੀ – ਪ੍ਰਾਇਮਰੀ – ਦੋ ( ਯੂ.ਕੇ.ਜੀ. ) ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸੀ। ਪਿਛਲੇ ਦਿਨੀਂ ਮਾਰਚ 2021 ਵਿੱਚ ਕੋਵਿਡ – 19 ਕਰਕੇ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਆਉਣ ‘ਤੇ ਅਚਾਨਕ ਰੋਕ ਲਗਾ ਦਿੱਤੀ ਗਈ। ਆਦੇਸ਼ ਸੀ ਕਿ ਵਿਦਿਆਰਥੀ ਕੇਵਲ ਪੇਪਰ ਪਾਉਣ ਲਈ ਹੀ ਸਕੂਲ ਆਉਣਗੇ। ਇੱਕ ਦਿਨ ਮੈਂ ਤੀਸਰੀ ਜਮਾਤ ਦੇ ਵਿਦਿਆਰਥੀਆਂ ਦਾ ਪੇਪਰ ਲੈ ਰਿਹਾ ਸੀ ; ਉਦੋਂ ਅਚਾਨਕ ਹੀ ਪ੍ਰੀ – ਪ੍ਰਾਇਮਰੀ – ਦੋ ( ਯੂ. ਕੇ.ਜੀ . ) ਜਮਾਤ ਦਾ ਇੱਕ ਬੱਚਾ ਆਪਣੇ ਮਾਤਾ – ਪਿਤਾ ਨੂੰ ਨਾਲ ਲੈ ਕੇ ਮੇਰੇ ਕੋਲ ਜਮਾਤ – ਕਮਰੇ ਵਿੱਚ ਆਇਆ । ਕੁਝ ਗੱਲਬਾਤ ਕਰਨ ਤੋਂ ਬਾਅਦ ਉਸ ਦੇ ਮਾਤਾ – ਪਿਤਾ ਨੇ ਮੈਨੂੰ ਕਿਹਾ ਕਿ ਸਾਡੇ ਬੱਚੇ ਦੀ ਗੱਲ ਸੁਣਿਓ।

ਮੈਂ ਯੂ .ਕੇ.ਜੀ. ਦੇ ਉਸ ਬੱਚੇ ਨੂੰ ਪਿਆਰ ਨਾਲ ਬੁਲਾਇਆ ਤਾਂ ਉਸ ਨੇ ਆਪਣੇ ਮਨ ਦੀ ਗੱਲ ਕਹੀ , ” ਸਰ ਜੀ , ਮੈਂ ਵੀ ਪੇਪਰ ਪਾ ਕੇ ਪਾਸ ਹੋਣਾ ; ਤੁਸੀਂ ਮੇਰਾ ਪੇਪਰ ਵੀ ਲਓ।” ਉਸ ਦੀ ਗੱਲ ਸੁਣ ਕੇ ਮੈਂ ਕੁਝ ਸਮੇਂ ਲਈ ਨਿਰ – ਉੱਤਰ ਹੋ ਗਿਆ। ਫੇਰ ਉਸ ਬੱਚੇ ਨੂੰ ਕਿਹਾ ਕਿ ਜ਼ਰੂਰ ਬੇਟਾ , ਤੇਰਾ ਪੇਪਰ ਵੀ ਲਿਆ ਜਾਵੇਗਾ। ਮੈਂ ਉਸ ਦੇ ਮਾਤਾ – ਪਿਤਾ ਨੂੰ ਸਮਝਾਇਆ ਕਿ ਐਲ.ਕੇ.ਜੀ. ਤੇ ਯੂ.ਕੇ.ਜੀ. ਦੇ ਬੱਚਿਆਂ ਨੂੰ ਜੋ ਗਤੀਵਿਧੀਆਂ ਤੇ ਹੋਰ ਕੰਮ ਕਰਵਾਇਆ ਜਾਂਦਾ ਹੈ , ਉਸੇ ਅਨੁਸਾਰ ਅਸੀਂ ਇਨ੍ਹਾਂ ਬੱਚਿਆਂ ਦਾ ਮੁਲਾਂਕਣ ਕਰਨਾ ਹੁੰਦਾ ਹੈ , ਪਰ ਦੂਸਰੇ ਪਾਸੇ ਉਹ ਬੱਚਾ ਪ੍ਰਾਇਮਰੀ ਦੇ ਵਿਦਿਆਰਥੀਆਂ ਵਾਂਗ ਪੇਪਰ ਪਾਉਣ ਦੀ ਜ਼ਿੱਦ ਕਰਦਾ ਰਿਹਾ।

ਕੋਵਿਡ – 19 ਕਰਕੇ ਇਨ੍ਹਾਂ ਐਲ.ਕੇ.ਜੀ. ਤੇ ਯੂ.ਕੇ.ਜੀ. ਦੇ ਬੱਚਿਆਂ ਦਾ ਸਕੂਲ ਵਿੱਚ ਆਉਣਾ ਵੀ ਬੰਦ ਸੀ। ਜਿਸ ਕਰਕੇ ਮੈਂ ਇਸ ਬੱਚੇ ਦਾ ਪ੍ਰਾਇਮਰੀ ਜਮਾਤਾਂ ਦੇ ਦੂਸਰੇ ਬੱਚਿਆਂ ਵਾਂਗ ਆਪਣੇ ਕੋਲੋਂ ਕੋਈ ਸਾਧਾਰਨ ਜਿਹਾ ਹਲਕਾ – ਫੁਲਕਾ ਲਿਖਤੀ ਪੇਪਰ ਵੀ ਨਹੀਂ ਲੈ ਸਕਿਆ , ਤਾਂ ਜੋ ਉਸ ਬੱਚੇ ਦੀ ਜ਼ਿੱਦ ਵੀ ਪੁਗਾਈ ਜਾ ਸਕੇ ਅਤੇ ਉਸਦੀ ਪੇਪਰ ਪਾਉਣ ਦੀ ਇੱਛਾ ਵੀ ਪੂਰੀ ਹੋ ਸਕੇ। ਬੱਚੇ ਤਾਂ ਭਾਵੇਂ ਸਾਰੇ ਹੀ ਪਾਸ ਹੋ ਕੇ ਅਗਲੀਆਂ ਜਮਾਤਾਂ ਵਿੱਚ ਹੋ ਗਏ ਹਨ , ਪਰ ਯੂ. ਕੇ.ਜੀ . ਦੇ ਉਸ ਬੱਚੇ ਦੀ ‘ ਪੇਪਰ ਪਾ ਕੇ ਪਾਸ ਹੋਣ ‘ ਦੀ ਇੱਛਾ ਸ਼ਾਇਦ ਵਿਚਕਾਰ ਹੀ ਰਹਿ ਗਈ।

ਮੈਨੂੰ ਅਫਸੋਸ ਰਹੇਗਾ ਕਿ ਉਸ ਬੱਚੇ ਦਾ ਦਿਲ ਰੱਖਣ ਲਈ ਮੈਂ ਕੋਵਿਡ – 19 ਤੇ ਸਰਕਾਰ ਦੀਆਂ ਹਦਾਇਤਾਂ ਕਰਕੇ ਉਸ ਦਾ ਹਲਕਾ – ਫੁਲਕਾ ਉਸਦੇ ਪੱਧਰ ਦਾ ਲਿਖਤੀ ਪੇਪਰ ( ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਵਾਂਗ ) ਨਹੀਂ ਲੈ ਸਕਿਆ। ਯੂ. ਕੇ. ਜੀ. ਦੇ ਉਸ ਬੱਚੇ ਦੇ ਮਿੱਠੇ – ਮਿੱਠੇ ਤੇ ਪਿਆਰੇ – ਪਿਆਰੇ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ ਤੇ ਮੈਂ ਸੋਚਾਂ ਵਿੱਚ ਪੈ ਜਾਂਦਾ ਹਾਂ , ” ਸਰ ਜੀ , ਮੈਂ ਵੀ ਪੇਪਰ ਪਾ ਕੇ ਪਾਸ ਹੋਣਾ , ਤੁਸੀਂ ਮੇਰਾ ਪੇਪਰ ਵੀ ਲਓ। ”

 

ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.

Previous articleਸਤਨਾਮ ਢਿਲੋ ਮਾਗੇਵਾਲੀਆ
Next articleਖੇਡ ਪ੍ਰਮੋਟਰ ਜਤਿੰਦਰ ਜੌਹਲ ਅਮਰੀਕਾ ਨੇ ਰੋਜ਼ਾ (ਮਕਬਰਾ) ਬਣਾਉਣ ਲਈ ਨੀਂਹ ਪੱਥਰ ਰੱਖਿਆ