‘ਮੈਂ ਕੀ ਵਿਗਾੜਿਆ ਵੇ ਜ਼ਾਲਮੋਂ ਤੁਹਾਡਾ’- ਇੱਕ ਰੋਂਦੀ ਸਿੱਖਿਆ ਸੰਸਥਾ!

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)

ਇੱਕ ਵਾਰ ਦੀ ਗੱਲ ਹੈ ਆਲਾਪੁਰ ਰਾਜ ਵਿੱਚ ਇੱਕ ਉੱਚ ਸਿੱਖਿਆ ਸੰਸਥਾ ਉਸਾਰੀ ਗਈ। ਇਹ ਸਿੱਖਿਆ ਸੰਸਥਾ ਉਸ ਰਾਜ ਦੀ ਮਾਤ ਭਾਸ਼ਾ ਨੂੰ ਸਮਰਪਿਤ ਸੀ। ਸ਼ੁਰੂਆਤੀ ਦੌਰ ਵਿੱਚ ਤਾਂ ਇਹ ਸੰਸਥਾ ਬਹੁਤ ਵਧੀਆ ਚੱਲੀ ਅਤੇ ਕੁਝ ਹੀ ਸਮੇਂ ਵਿੱਚ ਇਸ ਸੰਸਥਾ ਦਾ ਮੁਕਾਮ ਸਿਖ਼ਰ ਤੇ ਸੀ। ਪਰ ਫਿਰ ਸਮਾਂ ਬਦਲਿਆ ਤੱਖਤ ਉਹੀ ਰਹੇ ਪਰ ਰਾਜ ਦੁਜੀਆਂ ਸਰਕਾਰਾਂ ਦੇ ਆ ਗਏ। ਫ਼ਿਰ ਸ਼ੁਰੂ ਹੋਇਆ ਇਸ ਸੰਸਥਾ ਦੀ ਸਾਖ ਵਿੱਚ ਨਿਘਾਰ ਆਉਣ ਦਾ ਦੌਰ। ਸਰਕਾਰਾਂ ਭੁੱਲ ਗਈਆਂ ਕਿ ਇਹ ਸੰਸਥਾ ਸਿੱਖਿਆ ਸੰਸਥਾ ਹੈ ਜਿਸ ਵਿੱਚੋਂ ਪੜ੍ਹ ਕੇ ਨੋਜਵਾਨਾਂ ਨੇ ਕੱਲ ਨੂੰ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਹੈ।

ਇਸ ਲਈ ਇਹਨਾਂ ਨੂੰ ਸਿੱਖਿਆ ਦੇਣ ਵਾਲੇ ਵੀ ਮਾਹਿਰ ਹੋਣੇ ਚਾਹੀਦੇ ਹਨ। ਸਿੱਖਿਆ ਤੋਂ ਬਿਨਾਂ ਹੋਰ ਦੂਜੇ ਲਿਖਤ-ਪੜਤ ਵਾਲੇ ਕੰਮ ਕਰਨ ਵਾਲੇ ਵੀ ਆਪਣੇ ਕੰਮ ਵਿੱਚ ਨਿਪੁੰਨ ਹੋਣੇ ਚਾਹੀਦੇ ਹਨ। ਪਰ ਸੱਤਾ ਦੇ ਨਸ਼ੇ ਵਿੱਚ ਚੂਰ ਹਾਕਮ ਇਹ ਸਭ ਗੱਲਾਂ ਛੀਕੇ ਤੇ ਟੰਗ ਕੇ ਲੱਗ ਗਿਆ ਆਪਣੇ ਖਾਸਮਖਾਸਾਂ ਨੂੰ ਇਸ ਸੰਸਥਾ ਵਿੱਚ ਭਰਤੀ ਕਰਨ। ਹੁਣ ਇਸ ਸੰਸਥਾ ਦਾ ਇਹ ਹਾਲ ਸੀ ਵੀ ਇੱਕ ਚਪੜਾਸੀ ਤੋਂ ਲੈ ਕੇ ਸੰਸਥਾ ਦਾ ਮੁਖੀ ਤੱਕ ਸਭ ਸਿਫ਼ਾਰਸ਼ੀ ਸਨ। ਜਿਹਨਾਂ ਦਾ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਸੀ।

ਕਲੈਰੀਕਲ ਸਟਾਫ ਦਾ ਤਾਂ ਇਹ ਹਾਲ ਸੀ ਕਿ ਆਪਣੀ ਪਹੁੰਚ ਦਾ ਰੋਅਬ ਵਿਖਾ ਕੇ ਇਹ ਲੋਕ ਕੋਈ ਕੰਮ ਨਾ ਕਰਦੇ
ਅਤੇ ਜੇਕਰ ਕੰਮ ਕਰਦੇ ਤਾਂ ਸਭ ਗ਼ਲਤ ਕਰਦੇ, ਜਿਸ ਦਾ ਨੁਕਸਾਨ ਵਿਚਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਝੱਲਣਾ ਪੈਂਦਾ। ਹੁਣ ਤਾਂ ਪੈਸਿਆਂ ਦੇ ਲਾਲਚੀ ਇਹ ਲੋਕ ਪੈਸੇ ਲੈ ਕੇ ਨਤੀਜਿਆਂ ਵਿੱਚ ਵੀ ਹੇਰਾ ਫੇਰੀਆਂ ਕਰਨ ਲੱਗੇ। ਹੁਣ ਹਰ ਵਾਰ ਜਦੋਂ ਆਲਾਪੁਰ ਵਿੱਚ ਸਰਕਾਰ ਬਦਲਦੀ ਉਹ ਆਪਣੇ ਖਾਸ ਬੰਦੇ ਇਸ ਸੰਸਥਾ ਵਿੱਚ ਫਿੱਟ ਕਰਾ ਜਾਂਦੀ। ਭਾਵੇਂ ਉਸ ਬੰਦੇ ਨੂੰ ਲਿਖਣਾ ਪੜ੍ਹਨਾ ਵੀ ਨਾ ਆਉਂਦਾ ਹੋਵੇ। ਚਅੱਜ ਦੇ ਸਮੇਂ ਵਿੱਚ ਤਾਂ ਸੰਸਥਾ ਦਾ ਇਹ ਹਾਲ ਹੈ ਕਿ ਪੋਸਟਾਂ ਲੋੜ ਤੋਂ ਵੱਧ ਹਨ ਪਰ ਕੰਮ ਬਹੁਤ ਪਿੱਛੇ ਚੱਲ ਰਿਹਾ ਹੈ।

ਜਿੱਥੇ ਇੱਕ ਕੁਸ਼ਲ ਕਲਰਕ ਦੀ ਲੋੜ ਸੀ ਉੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਬਦੌਲਤ ਦਸ-ਦਸ ਨਿਕੰਮੇ ਕਲਰਕ ਵਿਹਲੇ ਬੈਠੇ ਸੰਸਥਾ ਤੇ ਵਿੱਤੀ ਬੋਝ ਪਾ ਰਹੇ ਹਨ। ਗੱਲ ਕੀ ਕਰਦੇ ਹੋ ਇੱਕ-ਇੱਕ ਪਰਿਵਾਰ ਦਾ ਸਾਰਾ-ਸਾਰਾ ਟੱਬਰ ਇੱਥੋਂ ਤੱਕ ਕਿ ਮਾਮਿਆਂ ਦਾ ਸਾਰਾ ਟੱਬਰ ਭੂਆ, ਮਾਸੀਆਂ ਦਾ ਸਾਰਾ ਸਾਰਾ ਟੱਬਰ ਇਸ ਸੰਸਥਾ ਵਿੱਚ ਸਿਫ਼ਾਰਸ਼ ਸਦਕਾ ਸੰਸਥਾ ਨੂੰ ਦੀਮਕ ਵਾਂਗ ਚਿੰਬੜਿਆ ਹੋਇਆ ਹੈ ਜਿਹੜਾ ਲੱਗਦਾ ਇਸ ਸੰਸਥਾ ਨੂੰ ਖ਼ਤਮ ਕਰਕ ਹੀ ਦਮ ਲਵੇਗਾ।

ਹੁਣ ਗੱਲ ਕਰਦੇ ਹਾਂ ਇਸ ਸੰਸਥਾ ਵਿੱਚ ਪੜਾਉਂਦੇ ਅਧਿਆਪਕਾਂ ਦੀ ਉਂਝ ਤਾਂ ਅਧਿਆਪਕ ਸੱਚਾਈ ਇਮਾਨਦਾਰੀ ਦਾ ਪ੍ਰਤੀਕ ਹੁੰਦਾ ਹੈ ਪਰ ਇਸ ਸੰਸਥਾ ਦੇ ਅਧਿਆਪਕ ਵੀ ਸ਼ਾਇਦ ਜ਼ਮੀਰੋਂ ਹੀਣੇ ਹਨ ਜਿਹੜੇ ਵਿਦਿਆਰਥੀਆਂ ਨਾਲ ਜਾਤ-ਪਾਤ ਪੱਖੋਂ ਤਾਂ ਵਿਤਕਰਾ ਕਰਦੇ ਹੀ ਹਨ ਸਗੋਂ ਔਰਤ ਵਿਦਿਆਰਥੀਆਂ ਦਾ ਵੀ ਹਰ ਪੱਖ ਤੋਂ ਰੱਜ ਕੇ ਸ਼ੋਸ਼ਣ ਕਰਨ ਵਿੱਚ ਬੜੇ ਮਸ਼ਹੂਰ ਹਨ। ਇਸ ਸੰਸਥਾ ਦੇ ਬਹੁਤੇ ਜ਼ਮੀਰੋਂ ਹੀਣੇ ਅਧਿਆਪਕਾਂ ਨੇ ਆਪਣੀਆਂ ਘਰਵਾਲੀਆਂ ਜਿਹਨਾਂ ਵਿੱਚ ਬਹੁਤੀਆਂ ਦੀ ਤਾਂ ਯੋਗਤਾ ਵੀ ਪ੍ਰੋਫੈਸਰ ਬਣਨ ਦੀ ਨਹੀਂ ਹੈ ਉਹਨਾਂ ਨੂੰ ਇੱਥੇ ਫਿੱਟ ਕਰਾਇਆ ਹੋਇਆ ਹੈ। ਜਿਹਨਾਂ ਦਾ ਧਿਆਨ ਵਿਦਿਆਰਥੀਆਂ ਨੂੰ ਪੜਾਉਣ ਵੱਲ ਘੱਟ ਅਤੇ ਸੂਟਾਂ ਵੱਲ ਜ਼ਿਆਦਾ ਹੀ ਹੁੰਦਾ ਹੈ।

ਇੱਥੋਂ ਦੇ ਅਧਿਆਪਕ ਆਪਣੇ ਸਿਫ਼ਾਰਸ਼ੀ ਵਿਦਿਆਰਥੀਆਂ ਨੂੰ ਵੀ ਇੱਥੇ ਫਿੱਟ ਕਰਾ ਦਿੰਦੇ ਹਨ ਅਤੇ ਮਿਹਨਤੀ ਵਿਦਿਆਰਥੀ ਬਸ ਲਾਈਨ ਵਿੱਚ ਖੜ੍ਹੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ-ਕਰਦੇ ਬੁੱਢੇ ਹੋ ਜਾਂਦੇ ਹਨ। ਪੜਾਉਣ ਵਿੱਚ ਤਾਂ ਨਹੀਂ ਪਰ ਇੱਥੋਂ ਦੇ ਅਧਿਆਪਕ ਇਹਨਾਂ ਖਿਲਾਫ਼ ਸੱਚ ਬੋਲਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਕਰਨ ਵਿੱਚ ਪੂਰੇ ਮਾਹਿਰ ਹਨ। ਇਹਨਾਂ ਨੇ ਵੀ ਆਪਣੇ ਪਰਿਵਾਰ, ਰਿਸ਼ਤੇਦਾਰਾਂ ਨੂੰ ਇਸ ਸੰਸਥਾ ਵਿੱਚ ਫਿੱਟ ਕਰ ਦਿੱਤਾ ਹੈ।ਹਾਸਾ ਵੀ ਆਉਂਦਾ ਹੈ ਇਹ ਸਭ ਵੇਖਕੇ ਕੇ ਇੱਥੇ ਇਹ ਕਹਾਵਤ ਸਹੀ ਬੈਠਦੀ ਹੈ ਕਿ ਅੰਨ੍ਹਾ ਵੰਡੇ ਰਿਓੜੀਆਂ, ਮੁੜ ਆਪਣਿਆਂ ਨੂੰ ਹੀ ਦੇਵੇ।

ਸ਼ੁਰੂਆਤੀ ਦੌਰ ਵਿੱਚ ਮਿਲਣ ਵਾਲੀ ਸਰਕਾਰੀ ਵਿੱਤੀ ਮਦਦ ਦਾ ਹੁਣ ਤੱਕ ਲਗਭਗ ਨੱਬੇ ਪ੍ਰਤੀਸ਼ਤ ਬਦਲਦੀਆਂ ਸਰਕਾਰਾਂ ਨੇ ਹਰ ਵਾਰ ਕਟੌਤੀ ਕਰਦੀਆਂ ਬੰਦ ਕਰ ਦਿੱਤਾ ਹੈ, ਨਤੀਜੇ ਵਜੋਂ ਸੰਸਥਾ ਘੋਰ ਕਰਜ਼ੇ ਵਿੱਚ ਡੁੱਬੀ ਹੋਈ ਹੈ ਅਤੇ ਹੁਣ ਕਹਿੰਦੇ ਕਿ ਇਹ ਸੰਸਥਾ ਗੰਭੀਰ ਵਿੱਤੀ ਸੰਕਟ ਵਿੱਚ ਹੈ। ਅਸਲ ਵਿੱਚ ਸਰਕਾਰਾਂ ਦੀ ਵੀ ਚਾਲ ਹੈ ਕਿ ਇਸ ਸੰਸਥਾ ਨੂੰ ਬੰਦ ਕਰਕੇ ਪ੍ਰਾਈਵੇਟ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਜਿਹੜੀਆਂ ਕਿ ਇਹਨਾਂ ਸਰਕਾਰਾਂ ਦੇ ਮੰਤਰੀਆਂ ਦੀਆਂ ਹੀ ਹਨ। ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਉਹਨਾਂ ਗਰੀਬ ਪਰ ਪੜ੍ਹਨ ਦੇ ਇਛੁੱਕ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋਵੇਗਾ। ਪਹਿਲਾਂ ਤਾਂ ਸਰਕਾਰਾਂ ਆਪ ਆਪਣੇ ਸਿਫਾਰਸ਼ੀ ਭਰਤੀ ਕਰੀ ਗਈਆਂ ਪਰ ਹੁਣ ਆਪ ਹੀ ਇਹਨਾਂ ਨੂੰ ਤਨਖਾਹ ਦੇਣ ਤੋਂ ਹੱਥ ਖੜ੍ਹੇ ਕਰ ਰਹੀਆਂ ਹਨ।

ਸਿੱਖਿਆ ਸੰਸਥਾ ਇਮਾਨਦਾਰੀ, ਸੱਚਾਈ, ਇੱਕ ਬਰਾਬਰਤਾ ਅਤੇ ਭਲਾਈ ਲਈ ਬਣਾਈ ਸੰਸਥਾ ਹੁੰਦੀ ਹੈ। ਪਰ ਹੁਣ ਇਹ ਸੰਸਥਾ ਸਿੱਖਿਆ ਦੀ ਸੰਸਥਾ ਬਿਲਕੁਲ ਨਹੀਂ ਰਹੀ ਹੈ। ਕਿਉਂਕਿ ਇੱਥੇ ਕੰਮ ਕਰਦਾ ਹਰ ਇੱਕ ਅਧਿਆਪਕ, ਕਰਮਚਾਰੀ ਇਸ ਨੂੰ ਆਪਣੇ ਹੱਥੀ ਬਰਬਾਦ ਕਰ ਰਿਹਾ ਹੈ। ਇਹ ਤਾਂ ਇਹੋ ਗੱਲ ਹੈ ਵੀ ਵਾੜ ਹੀ ਖੇਤ ਨੂੰ ਖਾ ਜਾਵੇ। ਪਰ ਇਸ ਸਭ ਵਿੱਚ ਨੁਕਸਾਨ ਇਮਾਨਦਾਰ, ਸੱਚੇ ਅਤੇ ਗਰੀਬ ਵਿਦਿਆਰਥੀਆਂ ਦਾ ਹੈ, ਜਿਸ ਕਰਕੇ ਮੈਨੂੰ ਇਹ ਸਿੱਖਿਆ ਸੰਸਥਾ ਅੱਜ ਗੋਡਿਆਂ ਭਾਰ ਹੋਈ ਭੁੱਬਾਂ ਮਾਰਦਿਆਂ ਰੋਂਦੀ ਪ੍ਰਤੀਤ ਹੋ ਰਹੀ ਹੈ ਪਰ ਇੱਥੋਂ ਦੇ ਲੋਕ ਇਸਨੂੰ ਇਸਦੇ ਸਿਧਾਂਤਾਂ ਨੂੰ ਅਜੇ ਵੀ ਲਹੂ-ਲੁਹਾਣ ਕਰਨ ਵਿੱਚ ਰੁੱਝੇ ਹੋਏ ਹਨ।

ਆਲਾਪੁਰ ਦੇ ਲੋਕ ਅਜੇ ਵੀ ਖਾਮੋਸ਼ ਹਨ ਜਾਂ ਸ਼ਾਇਦ ਉਹਨਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਪਰ ਆਲਾਪੁਰ ਦੀ ਪਹਿਚਾਣ ਇਹ ਸਿੱਖਿਆ ਅੱਜ ਅੰਤਿਮ ਸਾਹਾਂ ਤੇ ਹੈ।

ਚਰਨਜੀਤ ਸਿੰਘ ਰਾਜੌਰ
8427929558

Previous articleਸੁਲਤਾਨਪੁਰ ਲੋਧੀ ਵਿਖੇ ਘਟਨਾ ਸਬੰਧੀ ਐਫ.ਆਈ.ਆਰ ਦਰਜ
Next articleਲੋਕੀਂ ਕਹਿਣ ਮੁਹੱਬਤ ਦਾ ਦਿਨ