ਚੰਡੀਗੜ੍ਹ– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਤੇ ਕੌਮੀ ਆਬਾਦੀ ਰਜਿਸਟਰ ਨੂੰ ਹਾਸੋਹੀਣਾ ਅਤੇ ਗੈਰ-ਸੰਵਿਧਾਨਕ ਦੱਸਦਿਆਂ ਇਸ ਦੀ ਮੁਖਾਲਫ਼ਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਅੱਧਾ ਪੰਜਾਬ ਭਾਰਤੀ ਹੋਣ ਦਾ ਸਬੂਤ ਦੇਣ ਲਈ ਜਨਮ ਪ੍ਰਮਾਣ ਪੱਤਰ ਪੇਸ਼ ਨਹੀਂ ਕਰ ਸਕਦਾ। ਪੰਜਾਬ ਦੇ ਬਹੁਤੇ ਲੋਕ ਪਾਕਿਸਤਾਨ ਤੋਂ ਆਏ ਹਨ ਅਤੇ ਕੀ ਕੇਂਦਰ ਜਨਮ ਸਰਟੀਫਿਕੇਟ ਲੈਣ ਲਈ ਉਨ੍ਹਾਂ ਦੇ ਪਾਕਿਸਤਾਨ ਜਾਣ ਦੀ ਉਮੀਦ ਰੱਖਦਾ ਹੈ।
ਮੁੱਖ ਮੰਤਰੀ ਨੇ ਕਿਹਾ,‘ਮੇਰੇ ਕੋਲ ਵੀ ਜਨਮ ਸਰਟੀਫਿਕੇਟ ਨਹੀਂ ਹੈ। ਜਦੋਂ ਮੇਰਾ ਜਨਮ ਹੋਇਆ ਸੀ, ਉਸ ਵੇਲੇ ਇਹ ਗੱਲਾਂ ਨਹੀਂ ਸਨ ਹੁੰਦੀਆਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਮਰਦਮਸ਼ੁਮਾਰੀ ਦੀ ਨਵੀਂ ਪ੍ਰਣਾਲੀ ਤਹਿਤ ਉਹ ਵੀ ‘ਸ਼ੱਕੀ ਪਾਤਰ’ ਬਣ ਜਾਣਗੇ। ਕੈਪਟਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਐਕਟਾਂ ਦਾ ਵਿਰੋਧ ਕੀਤਾ ਹੈ ਅਤੇ ਪੰਜਾਬ ਵਿੱਚ ਆਮ ਜਨਗਣਨਾ ਕੀਤੀ ਜਾਵੇਗੀ ਜੋ ਧਰਮ, ਜਾਤ ਅਤੇ ਨਸਲ ’ਤੇ ਅਧਾਰਿਤ ਨਹੀਂ ਹੋਵੇਗੀ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਅਤੇ ਦਸਤਾਵੇਜ਼ਾਂ ਨੂੰ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇੱਥੋਂ ਤੱਕ ਮੁਲਕ ਲਈ ਲੜਾਈ ਲੜਨ ਵਾਲੇ ਸਾਬਕਾ ਫੌਜੀਆਂ ਨੂੰ ਵੀ ਗੈਰ-ਭਾਰਤੀ ਐਲਾਨ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ 72 ਸਾਲਾਂ ਤੋਂ ਭਾਰਤ ਇਕ ਵਿਭਿੰਨ ਮੁਲਕ ਰਿਹਾ ਹੈ ਅਤੇ ਸੰਵਿਧਾਨ ਤੇ ਇਸ ਦੀ ਪ੍ਰਸਤਾਵਾਨਾ ਦੀ ਸੱਚੀ ਭਾਵਨਾ ਅਨੁਸਾਰ ਵੱਖ-ਵੱਖ ਧਰਮਾਂ, ਜਾਤਾਂ ਅਤੇ ਨਸਲਾਂ ਦੇ ਲੋਕ ਮਿਲ-ਜੁਲ ਕੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਚਾਨਕ ਉਹ ਮੁਲਕ ਦੀ ਇਸ ਵਿਲੱਖਣਤਾ ਨੂੰ ਮਿਟਾਉਣਾ ਚਾਹੁੰਦੇ ਹਨ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
INDIA ਮੇਰੇ ਸਣੇ ਅੱਧਾ ਪੰਜਾਬ ਜਨਮ ਦਾ ਪ੍ਰਮਾਣ ਪੱਤਰ ਪੇਸ਼ ਨਹੀਂ ਕਰ ਸਕਦਾ:...