ਕਰੋਨਾਵਾਇਰਸ: ਮੌਤਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ

ਕਰੋਨਾਵਾਇਰਸ ਮਹਾਮਾਰੀ ਕਰਕੇ ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ ਨੌਂ ਹਜ਼ਾਰ ਦੇ ਅੰਕੜੇ ਨੂੰ ਪਾਰ ਪਾ ਗਈ ਹੈ। ਹੁਣ ਤਕ ਕੁੱਲ ਆਲਮ ਵਿੱਚ 9,020 ਲੋਕ ਵਾਇਰਸ ਦੀ ਲਾਗ ਕਰਕੇ ਮੌਤ ਦੇ ਮੂੰਹ ਜਾ ਪਏ ਹਨ। ਇਨ੍ਹਾਂ ਵਿੱਚੋਂ ਯੂਰੋਪ ਤੇ ਏਸ਼ੀਆ ਵਿੱਚ ਕ੍ਰਮਵਾਰ 4134 ਤੇ 3416 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਵਿੱਚ 712 ਨਵੀਆਂ ਮੌਤਾਂ ਹੋਣ ਦੀਆਂ ਰਿਪੋਰਟਾਂ ਹਨ ਜਦੋਂਕਿ ਲਾਗ ਨਾਲ ਪੀੜਤ ਕੁੱਲ ਕੇਸਾਂ ਦੀ ਗਿਣਤੀ 2.20 ਲੱਖ ਹੋ ਗਈ ਹੈ। ਇਸ ਦੌਰਾਨ ਚੀਨ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਅੱਜ ਪਹਿਲੀ ਵਾਰ ਕਰੋਨਾਵਾਇਰਸ ਕਰਕੇ ਕੋਈ ਨਵਾਂ ਕੇਸ ਜਾਂ ਮੌਤ ਨਾ ਹੋਣ ਦੀਆਂ ਰਿਪੋਰਟਾਂ ਹਨ। ਹਾਲਾਂਕਿ ਵੂਹਾਨ ਸ਼ਹਿਰ, ਜਿੱਥੋਂ ਇਸ ਘਾਤਕ ਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ, ਵਿੱਚ ਅਜੇ ਵੀ 6,636 ਲੋਕ ਹਸਪਤਾਲਾਂ ’ਚ ਦਾਖ਼ਲ ਹਨ। ਇਨ੍ਹਾਂ ਵਿੱਚੋਂ 1809 ਦੀ ਹਾਲਤ ਅਤਿ ਗੰਭੀਰ ਤੇ 465 ਦੀ ਸੰਜੀਦਾ ਹੈ। ਉਂਜ ਲੰਘੇ ਦਿਨ ਚੀਨ ਵਿੱਚ ਅੱਠ ਮੌਤਾਂ ਨਾਲ ਕਰੋਨਾਵਾਇਰਸ ਕਰਕੇ ਮੌਤ ਦੇ ਮੂੰਹ ਪਏ ਲੋਕਾਂ ਦੀ ਗਿਣਤੀ 3245 ਹੋ ਗਈ ਸੀ। ਬੁੱਧਵਾਰ ਨੂੰ ਇਸ ਲਾਗ ਨਾਲ ਪੀੜਤ ਕੇਸਾਂ ਦੀ ਗਿਣਤੀ 80,928 ਸੀ। ਇਨ੍ਹਾਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਮੈਡੀਕਲ ਸਟਾਫ਼ ਵੀ ਸ਼ਾਮਲ ਹੈ, ਜੋ ਤਿਮਾਰਦਾਰੀ ਦੌਰਾਨ ਵਾਇਰਸ ਦੀ ਜ਼ੱਦ ਵਿੱਚ ਆ ਗਿਆ ਸੀ। ਇਸ ਦੌਰਾਨ ਅਮਰੀਕੀ ਸਦਰ ਡੋਨਲਡ ਟਰੰਪ ਨੇ ਕਰੋਨਾਵਾਇਰਸ ਦੇ ਇਲਾਜ ਲਈ ਮਲੇਰੀਆ ਦੀ ਦਵਾਈ ਨੂੰ ਕਾਰਗਰ ਦੱਸਦਿਆਂ ਇਸ ਦੀ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅਮਰੀਕਾ ਵਿੱਚ ਮੌਤਾਂ ਦੀ ਗਿਣਤੀ ਵਧ ਕੇ 149 ਹੋ ਗਈ ਹੈ। ਉਧਰ ਇਰਾਨ ਵਿੱਚ ਅੱਜ ਇਕੋ ਦਿਨ ਵਿੱਚ 149 ਨਵੀਆਂ ਮੌਤਾਂ ਹੋਣ ਦੀਆਂ ਰਿਪੋਰਟਾਂ ਹਨ। ਇਰਾਨੀ ਪ੍ਰਸ਼ਾਸਨ ਨੇ ਕਿਹਾ ਕਿ ਸੱਜਰੀਆਂ ਮੌਤਾਂ ਨਾਲ ਕੁੱਲ ਗਿਣਤੀ 1284 ਹੋ ਗਈ ਹੈ। ਫੌਤ ਹੋਣ ਵਾਲਿਆਂ ’ਚ ਇਕ ਭਾਰਤੀ ਬਜ਼ੁਰਗ ਵੀ ਸ਼ਾਮਲ ਹੈ। ਹੁਣ ਤਕ 18,407 ਲੋਕ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਵਿੱਚ 1046 ਨਵੇਂ ਕੇਸਾਂ ਦਾ ਪਤਾ ਲੱਗਾ ਹੈ। ਮੁਲਕ ਦੇ ਉਪ ਸਿਹਤ ਮੰਤਰੀ ਅਲੀਰਜ਼ਾ ਰਾਇਸੀ ਨੇ ਕਿਹਾ, ‘ਮੁਲਕ ਦੇ 31 ਵਿੱਚੋਂ 11 ਸੂਬਿਆਂ ’ਚ ਲਾਗ ਦੇ ਕੇਸ ਘਟਣ ਲੱਗੇ ਹਨ ਕਿਉਂਕਿ ਲੋਕ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲੱਗੇ ਹਨ।’ ਰਾਇਸੀ ਨੇ ਮੁੜ ਸੱਦਾ ਦਿੱਤਾ ਕਿ ਲੋਕ ਘਰਾਂ ਵਿੱਚ ਰਹਿਣ। ਸਿਹਤ ਮੰਤਰਾਲੇ ਦੇ ਤਰਜਮਾਨ ਕਿਆਨੁਸ਼ ਜਹਾਂਪੋਰ ਨੇ ਇਕ ਟਵੀਟ ’ਚ ਕਿਹਾ, ‘ਹਰੇਕ ਘੰਟੇ ਵਿੱਚ ਪੰਜਾਹ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਹਰ ਦਸ ਮਿੰਟਾਂ ’ਚ ਇਕ ਮੌਤ ਹੋ ਰਹੀ ਹੈ।’ ਉਧਰ ਇਟਲੀ ਵਿੱਚ ਮੌਤਾਂ ਦਾ ਅੰਕੜਾ ਤਿੰਨ ਹਜ਼ਾਰ ਦੇ ਕਰੀਬ ਹੋ ਗਿਆ ਹੈ। 15 ਮਾਰਚ ਮਗਰੋਂ ਇਟਲੀ ਵਿੱਚ ਰੋਜ਼ਾਨਾ ਸਾਢੇ ਤਿੰਨ ਸੌ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਤੇ ਜੇਕਰ ਇਹੀ ਰਫ਼ਤਾਰ ਰਹੀ ਤਾਂ ਇਹ ਜਲਦੀ ਹੀ ਚੀਨ ਦੇ 3249 ਮੌਤਾਂ ਦੇ ਅੰਕੜੇ ਨੂੰ ਪਾਰ ਪਾ ਲਏਗਾ।

Previous articleਮੇਰੇ ਸਣੇ ਅੱਧਾ ਪੰਜਾਬ ਜਨਮ ਦਾ ਪ੍ਰਮਾਣ ਪੱਤਰ ਪੇਸ਼ ਨਹੀਂ ਕਰ ਸਕਦਾ: ਕੈਪਟਨ
Next articleਆਸਟਰੇਲਿਆਈ ਏਅਰਲਾਈਨ ਕੁਆਂਟਸ ਵੱਲੋਂ ਉਡਾਣਾਂ ਰੱਦ ਕਰਨ ਦਾ ਫ਼ੈਸਲਾ