(ਸਮਾਜ ਵੀਕਲੀ)
ਮੇਰੀ ਮਾਂ ਦੀਏ ਬੋਲੀਏ ਨੀ,ਚੁੱਪ ਕਾਹਤੋਂ ਕਰੀ ਬੈਠੀ,
ਕੀਹਨੇ ਤੈਨੂੰ ਬੋਲੇ ਮੰਦੜੇ ਨੇ ਬੋਲ ਨੀ,
ਕੀਹਨੇ ਤੈਨੂੰ ਸਿਰ ਅੱਖਾਂ ਤੇ ਬਿਠਾਇਆ,
ਕੀਹਨੇ ਤੈਨੂੰ ਦਿੱਤਾ ਪੈਰਾਂ ਵਿੱਚ ਰੋਲ ਨੀ,
ਮੇਰੀ ਮਾਂ ਦੀਏ ਬੋਲੀਏ ਨੀ……
ਕਿੱਥੇ ਗਈਆਂ ਕਵਿਤਾਵਾਂ ਕਾਹਤੋਂ ਭੁੱਲ ਗਈਆ ਕਾਫੀਆਂ,
ਕੀਹਨੇ ਕਰ ਅਪਮਾਨ ਪਿੱਛੋ ਮੰਗੀਆ ਨੇ ਮਾਫੀਆਂ,
ਦੱਸੀ ਕੀਹਨੇ ਜਿਲਦਾਂ ਸੋਨੇਂ ਚ ਮੜ੍ਹਾ ਕੇ ਪਿੱਛੋਂ….
ਤੇਰੇ ਪੰਨੇ ਦਿੱਤੇ ਰੱਦੀ ਵਿੱਚ ਤੋਲ ਨੀ,
ਮੇਰੀ ਮਾਂ ਦੀਏ ਬੋਲੀਏ ਨੀ….
ਮੇਟ ਤੇਰੇ ਅੱਖਰਾਂ ਨੂੰ ਕੌਣ ਪੋਚ ਗਿਆ ਫੱਟੀਆਂ,
ਕੌਣ ਤੇਰੇ ਨਾਮ ਦੀਆਂ ਖੱਟ ਗਿਆ ਖੱਟੀਆਂ,
ਤੇਰੇ ਮਿਸ਼ਰੀ ਤੋਂ ਮਿੱਠੇ ਬੋਲ ਹੁੰਦੇ ਸੀ ਪਿਆਰੇ..
ਦੱਸੀਂ ਕੌਣ ਪਾਪੀ ਗਿਆ ਜਹਿਰਾਂ ਅੱਜ ਘੋਲ ਨੀ,
ਮੇਰੀ ਮਾਂ ਦੀਏ ਬੋਲੀਏ ਨੀ…
ਦੱਸੀ ਕੀਹਨੇ ਖਿੱਚੇ ਇਹ ਹੱਦਾਂ ਤੇ ਹਦੂਦ ਨੀ,
ਕੀਹਨੇ ਲਾਇਆ ਪੂਰਾ ਜੋਰ ਤੇਰਾ ਮਿਟਾਣ ਲਈ ਵਜੂਦ ਨੀ,
ਆਖ ਕੇ ਗਵਾਰਾ ਵਾਲੀ ਬੋਲੀ ਤੈਨੂੰ,
ਅੱਜ ਵੀ ਉਡਾਉਂਦੇ ਨੇ ਮਖੌਲ ਨੀ..
ਮੇਰੀ ਮਾਂ ਦੀਏ ਬੋਲੀਏ ਨੀ……।
ਮਾਨ ਬੇਈਮਾਨ ਤੇਰਾ ਪਾ ਸਕਿਆ ਨਾ ਮੁੱਲ ਨੀ,
ਤੂੰ ਹੀਰਿਆਂ ਤੋਂ ਮਹਿੰਗੀ ਕੀਤੀ ਕੌਡੀਆਂ ਦੇ ਤੁੱਲ ਨੀ,
ਹੱਥ ਜੋੜ ਆਖਾਂ ਅੱਜ ਤੇਰੇ ਵਾਰਿਸਾ ਨੂੰ,
ਫਿਰ ਪੜਨ ਮੁਹਾਰਨੀ ਵਰਕੇ ਫਰੋਲ ਨੀ,
ਮੇਰੀ ਮਾਂ ਦੀਏ ਬੋਲੀਏ ਨੀ,ਚੁੱਪ ਕਾਹਤੋਂ ਕਰੀ ਬੈਠੀ,
ਕੀਹਨੇ ਤੈਨੂੰ ਬੋਲੇ ਮੰਦੜੇ ਨੇ ਬੋਲ ਨੀ,
ਕੀਹਨੇ ਤੈਨੂੰ ਸਿਰ ਅੱਖਾ ਤੇ ਬਿਠਾਇਆ,
ਕੀਹਨੇ ਤੈਨੂੰ ਦਿੱਤਾ ਪੈਰਾਂ ਵਿੱਚ ਰੋਲ ਨੀ।।
ਜਸਵੀਰ ਮਾਨ
8437775940
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly