(ਸਮਾਜ ਵੀਕਲੀ)
ਦੁਨੀਆਂ ਬਣੀ ਨੂੰ ਲੱਖਾਂ ਸਾਲ ਵਰ੍ਹੇ ਹੋ ਗਏ।ਜਦੋ ਦੁਨੀਆਂ ਬਣੀ ਸੁਭਾਵਕ ਹੀ ਹੈ ਕੇ ਉਦੋਂ ਕੋਈ ਭਾਸ਼ਾ ਵੀ ਹੋਂਦ ਵਿੱਚ ਆਈ ਹੋਣੀ ਆਂ,ਜਾਂ ਇੰਝ ਕਹਿ ਲਓ ਕੇ ਓਸ ਲੋਕਾਂ ਨੇ ਆਪਣੀ ਸੁਵਿਧਾ ਸੁਭਾਹ ਜਾਂ ਆਪਸੀ ਸਮਝ ਲਈ ਕੋਈ ਅੱਖਰ ਜੋੜ ਤੋੜ ਕੇ ਬੋਲੀ ਬਣਾਈ ਹੋਣੀ ਆ ਜਿਸ ਨਾਲ ਉਹ ਆਪਸ ਵਿੱਚ ਵਿਚਰ ਸਕਣ।ਹੋਲੀ ਹੋਲੀ ਲੋਕ ਵਧਦੇ ਗਏ ਜਿਹਨਾਂ ਦੇ ਵਿਚੋਂ ਕਬੀਲੇ ਨਿਕਲਣ ਲੱਗੇ, ਫੇਰ ਇਹ ਕਬੀਲੇ ਦੇ ਝੁੰਡ ਨੇ ਆਪਸੀ ਸਮਝ ਲਈ ਇਕ ਬੋਲੀ ਤਿਆਰ ਕਰ ਲਈ ਜਿਸ ਨਾਲ ਇਹ ਇਕ ਦੂਜੇ ਦੇ ਜ਼ਿਆਦਾ ਨੇੜੇ ਹੋ ਗਏ,ਪਰ ਇਸਦੀ ਖਾਸੀਅਤ ਇਹ ਰਹੀ ਕੇ ਹਰ ਦਸ ਮੀਲ ਤੋਂ ਬਾਅਦ ਇਹ ਬੋਲੀ ਬਦਲ ਜਾਂਦੀ ਸੀ ਜਿਸ ਨਾਲ ਇੱਕ ਕਬੀਲਾ ਦੂਜੇ ਕਬੀਲੇ ਦੀ ਗੱਲ ਸਮਝਣ ਤੋਂ ਅਸਮਰੱਥ ਹੁੰਦਾ ਸੀ।
ਇਹੋ ਗੱਲ ਹੀ ਉਹਨਾਂ ਨੂੰ ਆਪਣੇ ਆਪ ਅਤੇ ਆਪਣੀ ਬੋਲੀ ਤੇ ਮਾਣ ਕਰਨ ਲਈ ਮਜਬੂਰ ਕਰਨ ਲੱਗ ਪਈ।ਕਿਉਂਕਿ ਇੱਕ ਕਬੀਲਾ ਇਹ ਸਮਝਦਾ ਸੀ ਕਿ ਸਾਡੀ ਬੋਲੀ ਜਿਆਦਾ ਚੰਗੀ ਹੈ ਤੇ ਦੂਜਾ ਆਪਣੀ ਨੂੰ ਸਹੀ ਦਰਸਾਉਂਦਾ ਸੀ। ਹੌਲੀ ਹੌਲੀ ਜਿਵੇਂ ਜਿਵੇਂ ਆਬਾਦੀ ਵਿੱਚ ਵਾਧਾ ਹੁੰਦਾ ਗਿਆ ਉਸੇ ਤਰ੍ਹਾਂ ਹੀ ਭਾਸ਼ਾ ਅਤੇ ਉੱਪ ਭਾਸ਼ਾਵਾਂ ਦੀ ਗਿਣਤੀ ਵਧਦੀ ਗਈ।ਅੱਜ ਹਰ ਉਸ ਕਬੀਲੇ ਤੋਂ ਸ਼ੁਰੂ ਹੋਈ ਪਿਰਤ ਮਹਾਨਗਰਾਂ ਦਾ ਰੂਪ ਧਾਰ ਚੁੱਕੀ ਹੈ ਅਤੇ ਭਾਸ਼ਾਵਾਂ ਲੱਖਾਂ ਦੀ ਗਿਣਤੀ ਤੱਕ ਪਹੁੰਚ ਚੁਕੀਆਂ ਹਨ।ਪਰ ਇਥੇ ਰੋਚਕ ਤੱਥ ਇਹ ਹੈ ਕੇ ਹਰ ਇਨਸਾਨ ਜਿਨ੍ਹਾਂ ਆਪਣੇ ਆਪ ਨੂੰ ਪਿਆਰ ਕਰਦਾ ਹੈ ਉਹਨਾਂ ਹੀ ਪਿਆਰ ਉਹ ਆਪਣੀ ਭਾਸ਼ਾ ਜਾਂ ਬੋਲੀ ਨੂੰ ਕਰਦਾ ਹੈ।
ਜਦੋ ਗੱਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਤੁਰਦੀ ਹੈ ਅਸੀਂ ਇਹ੍ਹਨਾਂ ਤਿੰਨਾਂ ਨੂੰ ਹੀ ਬਹੁਤ ਪਿਆਰ ਅਤੇ ਮਾਣ ਨਾਲ ਇੱਕ ਫ਼ਕਰ ਮਹਿਸੂਸ ਕਰਦੇ ਹਾਂ ,ਹਰ ਇਨਸਾਨ ਆਪਣੀ ਭਾਸ਼ਾ ਨੂੰ ਪਿਆਰ ਕਰਦਾ ਹੈ ਪਰ ਪੰਜਾਬੀ ਮੇਰੇ ਹਿਸਾਬ ਨਾਲ ਪਿਆਰ ਜਿਆਦਾ ਕਰਦੇ ਹਨ ਪਰ ਇਸਨੂੰ ਅਪਣਾਉਂਦੇ ਘੱਟ ਜਾਂ ਕਹਿ ਲਓ ਕੁੱਝ ਕੁ ਥਾਵਾਂ ਤੇ ਇਹ ਆਪਣੀ ਭਾਸ਼ਾ ਨੂੰ ਲੁਕੋ ਲੈਂਦੇ ਹਨ ਜਾਂ ਕੋਈ ਦੂਜੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ।ਅੱਜ ਪੰਜਾਬੀ ਦਿਵਸ ਉੱਪਰ ਕਹਿਣਾ ਚਾਹੁੰਦਾ ਹਾਂ ਕੇ ਜੇਕਰ ਪੰਜਾਬੀ ਹੋਣ ਤੇ ਮਾਣ ਕਰਦੇ ਹੋ ਤਾਂ ਡੱਟ ਕੇ ਪੰਜਾਬੀ ਬੋਲੋ ,ਜੇ ਤੁਸੀਂ ਸਮਾਂ ਸਥਾਨ ਦੇਖ ਕੇ ਹੀ ਗੱਲ ਕਰਨੀ ਹੈ ਫੇਰ ਰਹਿਣ ਦਿਓ ਢਕਵੰਝ ਕਰਨ ਨੂੰ।ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਦੂਜੇ ਦੀ ਪੱਕੀ ਦੇਖ ਕੇ ਕੱਚੀ ਨੀ ਢਾਹਿਦੀ।
ਅੱਜ ਸਮੇਂ ਦੀ ਲੋੜ ਹੈ ਓਸ ਗੁਰੂਆਂ ਪੀਰਾਂ ਪੈਗੰਬਰਾਂ ਦੀ ਬੋਲੀ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੀ,ਕਿਉਂਕਿ ਹਾਕਮ ਧਾੜਵੀ ਬਣ ਕੇ ਸਾਡੇ ਘਰਾਂ ਵਿੱਚ ਵੜ ਚੁੱਕਾ ਹੈ ਤੇ ਉਹ ਦਿਨ ਦੂਰ ਨਹੀਂ ਹੋਣਾ ਜਦੋ ਪੰਜਾਬੀ ਨੂੰ ਬਾਹੋਂ ਫੜ ਕੇ ਬਾਹਰ ਕੱਢ ਦੇਣਗੇ ਉਦੋਂ ਫੇਰ ਸਾਡੇ ਪੰਜਾਬੀ ਦੇ ਅਲੰਬਰਦਾਰ ਸਿਰਫ ਟਾਹਰਾਂ ਹੀ ਮਾਰਨਗੇ।ਕਿਉਂਕਿ ਉਦੋਂ ਸਾਡੇ ਕੋਲ ਬਚਾਉਣ ਲਈ ਕੁੱਝ ਬਚਿਆ ਹੀ ਨਹੀਂ ਹੋਣਾ।ਅੱਜ ਸਾਡੇ ਸਕੂਲਾਂ ਵਿੱਚੋ ਪੰਜਾਬੀ ਭਾਸ਼ਾ ਹਟਾਈ ਜਾ ਰਹੀ ਹੈ ਸੜਕੀ ਆਵਾਜਾਈ ਬੋਰਡਾਂ ਤੇ ਦੂਜੀ ਭਾਸ਼ਾ ਨੂੰ ਪਹਿਲ ਦੇ ਅਧਾਰ ਤੇ ਲਿਖਿਆ ਜਾਂਦਾ।ਸਰਕਾਰੀ ਦਫਤਰਾਂ ਵਿਚੋਂ ਹੋਲੀ ਹੋਲੀ ਅਲੋਪ ਕੀਤੀ ਜਾ ਰਹੀ ਹੈ।ਜੋ ਕੇ ਇੱਕ ਗਿਣੀ ਮਿਥੀ ਸਾਜਿਸ਼ ਦੇ ਅਧੀਨ ਕਰਵਾਇਆ ਜਾ ਰਿਹਾ।
ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਮਿੱਤਰ ਪਿਆਰਿਓ ਆਓ ਉਸ ਮਿੱਠੀ ਬੋਲੀ ਨੂੰ ਮਰਨ ਤੋਂ ਪਹਿਲਾਂ ਉਸਨੂੰ ਬਚਾਉਣ ਦਾ ਹੰਭਲਾ ਮਾਰੀਏ ,ਕੋਈ ਉਸਾਰੂ ਵਿਉਂਤਬੰਦੀ ਕਰੀਏ ਜਿਸ ਨਾਲ ਅਸੀਂ ਲਾਮਬੰਧ ਹੋ ਕੇ ਪੰਜਾਬੀ ਬੋਲੀ ਨੂੰ ਸਾਰੇ ਸਕੂਲਾਂ ,ਸਰਕਾਰੀ ਦਫ਼ਤਰਾਂ,ਬੋਰਡਾਂ ਅਤੇ ਹੋਰ ਵੀ ਸਾਰੇ ਕੰਮਾਂ ਵਿੱਚ ਪੰਜਾਬੀ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਵਾਈਏ ਤਾਂ ਜੋ ਸਾਡੇ ਪੁਰਖਿਆਂ ਦੀ ਬੋਲੀ ਤੇ ਅਸੀਂ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਮਾਣ ਕਰ ਸਕਣ।
ਕਿਉਂਕਿ ਜੇ ਕਿਸੇ ਦੇਸ਼ ਮੁਲਕ ਜਾਂ ਕਬੀਲੇ ਨੂੰ ਖ਼ਤਮ ਕਰਨਾ ਹੋਵੇ ਤਾਂ ਉਸਦੀ ਭਾਸ਼ਾ ਨੂੰ ਖ਼ਤਮ ਕਰ ਦਿਓ ਫੇਰ ਉਹ ਲੋਕ ਆਪ ਹੀ ਖ਼ਤਮ ਹੋ ਜਾਣਗੇ।ਸੋ ਆਓ ਪੰਜਾਬੀ ਦਿਵਸ ਉੱਪਰ ਸਿਰਫ ਭਾਸ਼ਣ ਜਾਂ ਮੇਲੇ ਲਗਾਉਣ ਤੱਕ ਹੀ ਸੀਮਤ ਨਾ ਰਹੀਏ ਸਗੋਂ ਸਾਰੀਆਂ ਪੰਜਾਬ ਦੀਆਂ ਉਹ ਜਥੇਬੰਦੀਆਂ ਜੋ ਪੰਜਾਬੀ ਨੂੰ ਉੱਪਰ ਉੱਠਦਾ ਦੇਖਣਾ ਚਾਹੁੰਦੀਆਂ ਹਨ ਉਹ ਨਾਮਵਾਰ ਲੇਖਕ, ਬੁੱਧੀਜੀਵੀ, ਮਾਸਟਰ,ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸੱਜਣ ਆਪਣੇ ਹੱਥਾਂ ਦੀਆਂ ਕੰਗਣੀਆਂ ਬਣਾ ਕੇ ਇੱਕ ਦੂਜੇ ਨਾਲ ਜੁੜ ਕੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਮੋਹਰੇ ਆਇਏ ਤੇ ਪੰਜਾਬੀ ਭਾਸ਼ਾ ਨੂੰ ਉਸਦਾ ਬਣਦਾ ਹੱਕ ਦਿਵਾਕੇ ਆਪਣੇ ਸੱਚੇ ਸੁੱਚੇ ਸੇਵਕ ਹੋਣ ਦਾ ਮੁੱਲ ਚੁਕਾਈਏ।
ਪਵਨ ਪਰਵਾਸੀ
ਜਰਮਨੀ 004915221870730