ਮੇਰੀ ਟਿੱਪਣੀ ਨੂੰ ਸਿੱਖ ਭਾਵਨਾਵਾਂ ਨਾਲ ਜੋੜਨਾ ਗੁਮਰਾਹਕੁੰਨ: ਕੁਰੈਸ਼ੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੀ ਵਿਵਾਦਤ ‘ਗੁਗਲੀ’ ਟਿੱਪਣੀ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਟਿੱਪਣੀ ਨੂੰ ‘ਸਿੱਖ ਭਾਵਨਾਵਾਂ’ ਨਾਲ ਜੋੜਨਾ ਗੁਮਰਾਹਕੁਨ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਸ੍ਰੀ ਕੁਰੈਸ਼ੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਲਈ ਰੱਖੇ ਨੀਂਹ ਪੱਥਰ ਸਮਾਗਮ ਦੌਰਾਨ ਭਾਰਤ ਸਰਕਾਰ ਦੀ ਮੌਜੂਦਗੀ ਯਕੀਨੀ ਬਣਾਉਣ ਲਈ ‘ਗੁਗਲੀ’ ਸੁੱਟੀ ਸੀ।
ਸ੍ਰੀ ਕੁਰੈਸ਼ੀ ਵੱਲੋਂ ਕੀਤੀਆਂ ਟਿੱਪਣੀਆਂ ਦੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜ਼ੋਰਦਾਰ ਨਿਖੇਧੀ ਕੀਤੀ ਸੀ। ਉਨ੍ਹਾਂ ਆਪਣੇ ਪਾਕਿਸਤਾਨੀ ਹਮਰੁਤਬਾ ’ਤੇ ਵਰ੍ਹਦਿਆਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਪਾਕਿਸਤਾਨ ਨੂੰ ਸਿੱਖ ਭਾਵਨਾਵਾਂ ਪ੍ਰਤੀ ਕੋਈ ਸਤਿਕਾਰ ਨਹੀਂ ਹੈ।’ ਕੁਰੈਸ਼ੀ ਨੇ ਟਵਿੱਟਰ ’ਤੇ ਇਸ ਨਿਖੇਧੀ ਪ੍ਰਤੀ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ,‘ਮੇਰੀਆਂ ਟਿੱਪਣੀਆਂ ਨੂੰ ਸਿੱਖ ਭਾਵਨਾਵਾਂ ਨਾਲ ਜੋੜਨਾ ਇਨ੍ਹਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੇ ਗੁਮਰਾਹ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਮੈਂ ਜੋ ਵੀ ਕਿਹਾ ਉਸ ਦਾ ਸਬੰਧ ਸਿਰਫ ਭਾਰਤ ਸਰਕਾਰ ਨਾਲ ਦੁਵੱਲੀ ਗੱਲਬਾਤ ਨਾਲ ਸੀ। ਅਸੀਂ ਸਿੱਖ ਭਾਵਨਾਵਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਕਿਸੇ ਵੀ ਢੰਗ ਨਾਲ ਇਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਜਾਂ ਵਿਵਾਦ ਪੈਦਾ ਕਰਨ ਨਾਲ ਬਦਲਿਆ ਨਹੀਂ ਜਾ ਸਕਦਾ।’ ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਤੀ ਸਤਿਕਾਰ ਵਜੋਂ ਖੋਲ੍ਹਿਆ ਗਿਆ ਸੀ। ਉਨ੍ਹਾਂ ਟਵੀਟ ਕੀਤਾ,‘ਸਾਡੇ ਸਿੱਖ ਭਰਾਵਾਂ ਦੀਆਂ ਇੱਛਾਵਾਂ ਪ੍ਰਤੀ ਸਤਿਕਾਰ ਵਜੋਂ ਅਸੀਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਸੀ। ਅਸੀਂ ਨੇਕ ਭਾਵਨਾ ਨਾਲ ਇਹ ਇਤਿਹਾਸਕ ਕਦਮ ਚੁੱਕਿਆ ਸੀ ਅਤੇ ਅਸੀਂ ਇਸ ਨੂੰ ਚੰਗੀ ਭਾਵਨਾ ਨਾਲ ਅੱਗੇ ਲਿਜਾਵਾਂਗੇ।

Previous articleਛੱਤੀਸਗੜ੍ਹ ’ਚ ‘ਰਾਖ਼ੀ ਵਿਦ ਖ਼ਾਕੀ’ ਮੁਹਿੰਮ ਨੇ ਬਣਾਇਆ ਗਿੰਨੀਜ਼ ਬੁੱਕ ਰਿਕਾਰਡ
Next articleਖ਼ਾਲਿਦਾ ਜ਼ਿਆ ਦੇ ਤਿੰਨ ਹਲਕਿਆਂ ਤੋਂ ਭਰੇ ਨਾਮਜ਼ਦਗੀ ਕਾਗਜ਼ ਰੱਦ