ਛੱਤੀਸਗੜ੍ਹ ’ਚ ‘ਰਾਖ਼ੀ ਵਿਦ ਖ਼ਾਕੀ’ ਮੁਹਿੰਮ ਨੇ ਬਣਾਇਆ ਗਿੰਨੀਜ਼ ਬੁੱਕ ਰਿਕਾਰਡ

ਛੱਤੀਸਗੜ੍ਹ ਦੀ ਬਿਲਾਸਪੁਰ ਪੁਲੀਸ ਦੀ ‘ਖ਼ਾਕੀ ਕੇ ਸਾਥ ਰਾਖ਼ੀ’ ਮੁਹਿੰਮ ਜਿਸ ਤਹਿਤ ਲੜਕੀਆਂ ਅਤੇ ਔਰਤਾਂ ਨੇ 50,033 ਪੁਲੀਸ ਮੁਲਾਜ਼ਮਾਂ ਨੂੰ ਰੱਖੜੀ ਬੰਨ੍ਹੀ ਹੈ, ਨੂੰ ਗਿੰਨੀਜ਼ ਬੁੱਕ ਰਿਕਾਰਡ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਹ ਪਹਿਲਕਦਮੀ ਬਿਲਾਸਪੁਰ ਦੇ ਐੱਸਪੀ ਸ਼ੇਖ਼ ਆਰਿਫ਼ ਹੁਸੈਨ ਨੇ ਰੱਖੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ 25 ਅਗਸਤ ਨੂੰ ਕੀਤੀ ਸੀ। ਉਨ੍ਹਾਂ ਨੇ ਦਸ ਘੰਟਿਆ ਦੇ ਵਿਚ ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ਵਿਚੋਂ ਲੜਕੀਆਂ ਅਤੇ ਔਰਤਾਂ ਨੂੰ ਪੁਲੀਸ ਮੁਲਾਜ਼ਮਾਂ ਦੇ ਰੱਖੜੀ ਬੰਨ੍ਹਣ ਲਈ ਲਿਆਂਦਾ ਸੀ। ਇਸ ਤੋਂ ਬਾਾਅਦ ਇਨ੍ਹਾਂ ਦੀਆਂ ਲਈਆਂ ਗਈਆਂ ਸੈਲਫੀਆਂ ਨੂੰ ਹੈਸ਼ਟੈਗ ‘ਰਾਖ਼ੀ ਵਿਦ ਖ਼ਾਕੀ’ ਅਤੇ ’ ਹੈਪੀ ਰੱਕਸ਼ਾ ਬੰਧਨ’ ਦੇ ਨਾਲ ਸੋੋਸ਼ਲ ਮੀਡੀਆ ਉੱਤੇ ਅਪਲੋਡ ਕੀਤਾ ਸੀ। ਗਿੰਨੀਜ਼ ਬੁੱਕ ਰਿਕਾਰਡ ਸਰਟੀਫਿਕੇਟ ਇੱਥੇ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸ਼ਨਿਚਰਵਾਰ ਨੂੰ ਬਿਲਾਸਪੁਰ ਪੁਲੀਸ ਨੂੰ ਦਿੱਤਾ ਗਿਆ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੇ ਨੁਮਾਇੰਦੇ ਪ੍ਰਭਜੋਤ ਸਿੰਘ ਸੋਢੀ ਇਸ ਮੌਕੇ ਮੁੱਖ ਮਹਿਮਾਨ ਸਨ। ਸ੍ਰੀ ਹੁਸੈਨ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਔਰਤਾਂ ਅਤੇ ਲੜਕੀਆਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣਾ ਸੀ। ਇਸ ਦੇ ਨਾਲ ਹੀ ਤਿਉਹਾਰ ਮੌਕੇ ਡਿਊਟੀ ਕਰ ਰਹੇ ਪੁਲੀਸ ਮੁਲਾਜ਼ਮਾਂ ਲਈ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਸਹਾਇਤਾ ਲਈ ਬਿਲਾਸਪੁਰ ਜ਼ਿਲ੍ਹਾ ਪੁਲੀਸ ਨੇ ਥਾਣਿਆਂ ਵਿਚ ਸੰਵੇਦਨਾ ਕੇਂਦਰ ਵੀ ਸ਼ੁਰੂ ਕੀਤੇ ਹਨ। ਇੱਥੇ ਔਰਤਾਂ ਬਿਨਾਂ ਡਰ ਭੈਅ ਆਪਣੀਆਂ ਸਮੱਸਿਆਵਾਂ ਨੂੰ ਦਰਜ ਕਰਵਾ ਸਕਦੀਆਂ ਹਨ।

Previous articleਪੱਕੇ ਰਿਹਾਇਸ਼ੀ ਸਰਟੀਫਿਕੇਟ ’ਚ ਤਬਦੀਲੀ ਦਾ ਕਰਾਂਗੇ ਵਿਰੋਧ: ਉਮਰ
Next articleਮੇਰੀ ਟਿੱਪਣੀ ਨੂੰ ਸਿੱਖ ਭਾਵਨਾਵਾਂ ਨਾਲ ਜੋੜਨਾ ਗੁਮਰਾਹਕੁੰਨ: ਕੁਰੈਸ਼ੀ