ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਵੀਰਵਾਰ ਨੂੰ ਭੜਕੀ ਹਿੰਸਾ ਦੌਰਾਨ ਮਾਰੇ ਗਏ ਬੰਦੀ ਅਜੀਤ ਸਿੰਘ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਅਜੀਤ ਸਿੰਘ ਦੀ ਮਾਂ ਮੀਰਾ ਰਾਣੀ ਨੇ ਦਾਅਵਾ ਕੀਤਾ ਹੈ ਕਿ ਵੀਰਵਾਰ ਨੂੰ ਜੇਲ੍ਹ ਮੁਲਾਜ਼ਮਾਂ ਨੇ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪੁੱਤ ਨੂੰ ਗੋਲੀਆਂ ਮਾਰੀਆਂ। ਜਿਸ ਵੇਲੇ ਜੇਲ੍ਹ ਵਿੱਚ ਹਿੰਸਾ ਹੋਈ, ਉਹ ਆਪਣੇ ਪੁੱਤਰ ਨਾਲ ਮੁਲਾਕਾਤ ਕਰਨ ਲਈ ਉਥੇ ਗਈ ਹੋਈ ਸੀ। ਮੀਰਾ ਰਾਣੀ ਨੇ ਦੋਸ਼ ਲਾਇਆ ਕਿ ਇਕ ਵੱਡੇ ਜੇਲ੍ਹ ਅਧਿਕਾਰੀ ਨੇ ਉਸ ਦੇ ਪੁੱਤਰ ਨੂੰ ਗੋਲੀ ਮਾਰੀ ਜਿਸ ਮਗਰੋਂ ਕੈਦੀ ਉਸ ਨੂੰ ਚੁੱਕ ਕੇ ਦੂਜੇ ਪਾਸੇ ਲੈ ਗਏ। ਅਜੀਤ ਸਿੰਘ ਦੀ ਮਾਂ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਡੀਸੀਪੀ ਅਸ਼ਵਨੀ ਕਪੂਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਗੋਲੀ ਚਲਾਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਮਗਰੋਂ ਸ੍ਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਅਜੀਤ ਸਿੰਘ ’ਤੇ ਗੋਲੀਆਂ ਚਲਾਉਣ ਅਤੇ ਹਵਾਲਾਤੀ ਸਨੀ ਸੂਦ ਨਾਲ ਮਾਰਕੁੱਟ ਕਰਨ ਵਾਲੇ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਜਲਦਬਾਜ਼ੀ ਵਿੱਚ 22 ਬੰਦੀਆਂ ’ਤੇ ਕੇਸ ਦਰਜ ਕਰ ਦਿੱਤਾ ਪਰ ਜੇਲ੍ਹ ਅਧਿਕਾਰੀਆਂ ’ਤੇ ਕੇਸ ਦਰਜ ਨਹੀਂ ਕੀਤਾ। ਉਧਰ ਇਸ ਮਾਮਲੇ ਵਿੱਚ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹੋਏ ਹਨ। ਸ੍ਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਨੂੰ ਏਡੀਸੀਪੀ ਅਜਿੰਦਰ ਸਿੰਘ ਕੋਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਜੇਲ੍ਹ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਤਾਂ ਉਹ ਮ੍ਰਿਤਕ ਕੈਦੀ ਦੇ ਮਾਪਿਆਂ ਨੂੰ ਲੈ ਕੇ ਇਨਸਾਫ਼ ਲਈ ਹਾਈ ਕੋਰਟ ਜਾਣਗੇ। ਉਧਰ, ਡੀਸੀਪੀ ਅਸ਼ਵਨੀ ਕਪੂਰ ਨੇ ਕਿਹਾ ਕਿ ਮਾਮਲੇ ਨੂੰ ਏਡੀਸੀਪੀ ਕੋਲ ਭੇਜ ਦਿੱਤਾ ਗਿਆ ਹੈ ਅਤੇ ਉਹ ਜੋ ਵੀ ਰਿਪੋਰਟ ਭੇਜਣਗੇ, ਉਸ ’ਤੇ ਪੁਲੀਸ ਕਮਿਸ਼ਨਰ ਵੱਲੋਂ ਫੈਸਲਾ ਲਿਆ ਜਾਵੇਗਾ।
HOME ‘ਮੇਰੀਆਂ ਅੱਖਾਂ ਸਾਹਮਣੇ ਪੁੱਤ ਨੂੰ ਗੋਲੀਆਂ ਮਾਰੀਆਂ’