(ਸਮਾਜ ਵੀਕਲੀ)
” ਵੰਡ ’47 ਦੀ ਸੀ ਮਹਿੰਗੀ ਸਾਨੂੰ ਪੈ ਗਈ,
ਸੋਨੇ ਰੰਗੀ ਧਰਤੀ ਸੀ ਲਾਲ ਹੋਕੇ ਰਹਿ ਗਈ;
ਝੂਠੀਆਂ ਆਜ਼ਾਦੀਆਂ ਦੇ ਦਿਖਾਕੇ ਸਾਨੂੰ ਸੁਪਨੇਂ,
ਬਣਿਆਂ ਬਣਾਇਆ ਸਾਡਾ ਸਭ ਲੁੱਟ ਲੈ ਗਿਆ;
ਸਰਹੱਦਾਂ ਟੱਪ ਆਇਆ ਮੇਰਾ ਪਿੰਡ ਕਿੱਥੇ ਰਹਿ ਗਿਆ,
ਪਾਕਿਸਤਾਨ ਬਣ ਗਿਆ ਲਾਹੌਰ ਜਿੱਥੇ ਰਹਿ ਗਿਆ….;
ਧਰਤੀ ਵੀ ਵੰਡੀ ਤੇ ਪਾਣੀ ਸਾਡੇ ਵੰਡਤੇ,
ਮਾਣੀ ਜਿਨ੍ਹਾਂ ਨਾ’ ਜਵਾਨੀ,ਉਹ ਹਾਣੀ ਸਾਡੇ ਵੰਡਤੇ;
ਬੇਬੇ ਦੀ ਸੰਦੂਕ ‘ਚ ਨੇਂ ਕੱਚ ਦੀਆਂ ਗੋਲ਼ੀਆਂ,
ਗੋਲ਼ੀਆਂ ‘ਚ ਚਾਅ ਮੇਰਾ ਖਿੰਡ ਜਿੱਥੇ ਰਹਿ ਗਿਆ;
ਸਰਹੱਦਾਂ ਟੱਪ ਆਇਆ ਮੇਰਾ ਪਿੰਡ ਕਿੱਥੇ ਰਹਿ ਗਿਆ,
ਪਾਕਿਸਤਾਨ ਬਣ ਗਿਆ ਲਾਹੌਰ ਜਿੱਥੇ ਰਹਿ ਗਿਆ….;
ਬਾਬੇ ਬੁੱਲ੍ਹੇ ਦੀ ਮਜ਼ਾਰ ਜਿੱਥੇ ਮੁਹੱਬਤਾਂ ਦੇ ਮੇਲੇ ਸੀ,
ਸੋਨੇ ਵਾਲ਼ੇ ਭਾਅ ਉਦੋਂ ਵਿਕ ਜਾਂਦੇ ਧੇਲੇ ਸੀ;
ਤਖ਼ਤ ਹਜ਼ਾਰੇ ਜੋ ਮੁਹੱਬਤਾਂ ਦਾ ਸ਼ਹਿਰ ਸੀ,
ਸਾਡੇ ਪੁਰਖਿਆਂ ਬਣਾਇਆ,ਸੀ ਜੋ ਟਿੰਡ ਜਿੱਥੇ ਰਹਿ ਗਿਆ;
ਸਰਹੱਦਾਂ ਟੱਪ ਆਇਆ ਮੇਰਾ ਪਿੰਡ ਕਿੱਥੇ ਰਹਿ ਗਿਆ,
ਪਾਕਿਸਤਾਨ ਬਣ ਗਿਆ ਲਾਹੌਰ ਜਿੱਥੇ ਰਹਿ ਗਿਆ….;
ਫੁੱਲ ਬੂਟੀਆਂ ਨਾ’ ਸ਼ਿੰਗਾਰੀ ਕੱਚੀ ਕੰਧ ਮੇਰੀ ਮਾਂ ਨੇਂ,
ਬਾਪੂ ਜਿਹਾ ਪਿਆਰ ਦਿੱਤਾ ਵਿਹੜੇ ਬੋਹੜ ਵਾਲ਼ੀ ਛਾਂ ਨੇਂ;
ਸੁੱਕ ਗਿਆ ਹੋਣੈਂ ਬੋਹੜ ਸਾਡੇ ਵਿਹੜੇ ਦਾ,
ਬੋਹੜ ਛਾਵੇਂ ਖੜਾ ਇੱਕ ਰਿੰਡ ਜਿੱਥੇ ਰਹਿ ਗਿਆ;
ਸਰਹੱਦਾਂ ਟੱਪ ਆਇਆ ਮੇਰਾ ਪਿੰਡ ਕਿੱਥੇ ਰਹਿ ਗਿਆ,
ਪਾਕਿਸਤਾਨ ਬਣ ਗਿਆ ਲਾਹੌਰ ਜਿੱਥੇ ਰਹਿ ਗਿਆ….;
ਟੌਹਰੇ ਵਾਲ਼ੀ ਪੱਗ ਬੰਨ੍ਹ,ਖੂੰਡਾ ਰੱਖਦਾ ਸੀ ਹੱਥ ‘ਚ,
ਮੁੱਛਾਂ ਤਾਣ ਫ਼ੈਸਲੇ ਸੁਣਾਉਂਦਾ ਸੀ ਜੋ ਸੱਥ ‘ਚ;
‘ਧਾਲੀਵਾਲ’ ਸਾਂਭੀ ਬੈਠਾ ਸਿਰਨਾਵੇਂ ਸਾਡੇ ਘਰ ਦੇ,
ਕੱਚੀ ਜਹੀ ਰਾਹ ਸੀ ਮੇਰਾ ਪਿੰਡ ਜਿੱਥੇ ਰਹਿ ਗਿਆ;
ਸਰਹੱਦਾਂ ਟੱਪ ਆਇਆ ਮੇਰਾ ਪਿੰਡ ਕਿੱਥੇ ਰਹਿ ਗਿਆ,
ਪਾਕਿਸਤਾਨ ਬਣ ਗਿਆ ਲਾਹੌਰ ਜਿੱਥੇ ਰਹਿ ਗਿਆ….!!”
ਹਰਕਮਲ ਧਾਲੀਵਾਲ
ਸੰਪਰਕ:- 8437403720