(ਸਮਾਜ ਵੀਕਲੀ)
ਮੇਰਾ ਜੀਅ ਕਰਦਾ ਪੰਛੀ ਬਣ ਜਾਵਾਂ, ਤੇਰੇ ਦਿਲ ਤੇ ਆਲ੍ਹਣਾ ਪਾਵਾਂ,
ਤੂੰ ਚੂਰੀ ਕੁੱਟੇਂ ਮਾਹੀਏ ਲੲੀ ਤੇਰੇ ਹੱਥੋਂ ਖੋਹ ਕੇ ਖਾਵਾਂ !
ਧੌਣ ਸੁਰਾਹੀ ਵਰਗੀ ਤੇ ਵਲ਼ ਖਾਂਦੇ ਕਾਲੇ ਨਾਗ ਕੁੜੇ,
ਲਿਟ ਬਣ ਘੁੰਗਰਾਲੀਆ ਜ਼ੁਲਫ਼ਾਂ ਦੀ ਤੇਰੇ ਮੁੱਖੜੇ ਤੇ ਖਿੰਡ ਜਾਵਾਂ !
ਇੱਕ ਚਿੱਤ ਕਰੇ ਮੈਂ ਮੋਰ ਬਣਾਂ, ਹਾਏ ਤੇਰਾ ਨੀ ਚਿੱਤ ਚੋਰ ਬਣਾਂ,
ਨੱਚ-ਨੱਚ ਕੇ ਸਾਉਣ ਮਹੀਨੇ ਵਿੱਚ, ਤੇਰੇ ਸਨਮੁੱਖ ਪੈਲਾਂ ਪਾਵਾਂ !
ਤੇਰੇ ਬੁੱਲ੍ਹਾਂ ਦੀ ਮੁਸਕਾਨ ਬਣਾਂ, ਨੀ ਮੈਂ ਤੇਰੀ ਜਿੰਦ ਜਾਨ ਬਣਾ,
ਤੇਰੇ ਫੁੱਲਾਂ ਵਰਗੇ ਮੁਖੜੇ ਤੇ ਲਾਲੀ ਬਣ ਖਿੰਡਦਾ ਜਾਵਾਂ !
ਤਲੀਆਂ ਦੀ ਸਜਣ ਲਕੀਰ ਬਣਾਂ, ਤੇਰੇ ਮਸਤਕ ਦੀ ਤਕਦੀਰ ਬਣਾਂ,
ਛੰਡ ਝਾੜ ਕੇ ਕਾਲ਼ਖ ਫਿਕਰਾਂ ਦੀ ਸ਼ਗਨਾਂ ਦਾ ਟਿੱਕਾ ਲਾਵਾਂ !
ਤੇਰੇ ਸਿਰ ਦਾ ਸਾਈਂ ਬਣ ਜਾਵਾਂ ਤੇਰੇ ਦੁੱਖਾਂ ਅੱਗੇ ਤਣ ਜਾਵਾਂ,
ਚੁਗ-ਚੁਗ ਕੇ ਕੰਡੇ ਦੁੱਖਾਂ ਦੇ ਸੁੱਖਾਂ ਦੀ ਸੇਜ ਵਿਛਾਵਾਂ !
“ਮਲਕੀਤ” ਨੇ ਰਾਂਝਣ ਨਹੀਂ ਬਣਨਾ, ਬਣ ਜੋਗੀ ਦਰ-ਦਰ ਨਹੀਂ ਮੰਗਣਾ,
ਜੇ ਚੜ੍ਹਗੀ ਡੋਲੀ ਖੇੜਿਆਂ ਦੀ ਮੈਂ ਮੌਤ ਨਾਲ ਭਿੜ ਜਾਵਾਂ !