(ਸਮਾਜ ਵੀਕਲੀ)- ਮੇਜਰ ਸਿੰਘ, “ਮੇਜਰ”ਵੀ ਸੀ ਤੇ “ਸਿੰਘ” ਵੀ ਸੀ । ਉਸ ਦਾ ਸੁਭਾਅ ਤੇ ਸ਼ਖਸ਼ੀਅਤ ਉਸ ਦੇ ਨਾਮ ਨਾਲ ਬਿਲਕੁਲ ਮੇਲਵੀਂ ਸੀ । ਉਸ ਦੀ ਪੱਤਰਕਾਰੀ, ਉਹ ਪੱਤਰਕਾਰੀ ਸੀ, ਜਿਸ ਨੂੰ ਸਹੀ ਮਾਨਿਆ ਚ ਪੱਤਰਕਾਰੀ ਕਿਹਾ ਜਾਂਦਾ ਹੈ, ਬੇਲਾਗ ਤੇ ਨਿਰਪੱਖ । ਉਹ ਪੱਤਰਕਾਰੀ ਜਿਸ ਦੀ ਅੱਜ ਦੇ ਪੰਜਾਬ ਵਿੱਚ ਸਖ਼ਤ ਲੋੜ ਹੈ ।
ਮੇਜਰ ਸਿੰਘ ਨੂੰ ਮੈ ਉਸ ਵੇਲੇ ਤੋ ਜਾਣਦਾ ਹਾਂ ਜਿਸ ਵੇਲੇ ਪੰਜਾਬ ਵਿੱਚ ਅੱਗ ਦਾ ਲਾਂਬੂ ਲੱਗਾ ਹੋਇਆ ਸੀ ਤੇ ਪੰਜਾਬ ਉਸ ਲਾਂਬੂ ਦੀਆਂ ਲਪਟਾਂ ਦੀ ਲਪੇਟ ਵਿੱਚ ਬੁਰੀ ਤਰਾਂ ਝੁਲ਼ਸ ਹੋ ਰਿਹਾ ਸੀ । ਇਹ ਗੱਲ ਅੱਸੀ ਤੇ ਨੱਬੇ ਦੇ ਦਹਾਕੇ ਪੰਜਾਬ ਚ ਵਾਪਰੇ ਖੂਨੀ ਝੱਖੜ ਦੀ ਹੈ । ਇਹ ਉਹ ਵੇਲਾ ਸੀ ਜਦੋਂ ਹਰ ਪੰਜਾਬੀ ਘਰੋ ਬਾਹਰ ਨਿਕਲਣ ਵੇਲੇ ਇਹ ਸੋਚ ਕੇ ਬਾਹਰ ਪੈਰ ਧਰਦਾ ਸੀ ਕਿ ਪਤਾ ਨਹੀਂ ਉਹ ਸਹੀ ਸਲਾਮਤ ਵਾਪਸ ਵੀ ਪਰਤੇਗਾ ਜਾਂ ਨਹੀਂ । ਮੇਜਰ ਸਿੰਘ ਉਸ ਵੇਲੇ ਰੋਜ਼ਾਨਾ ਅਜੀਤ ਚ ਸਹਿ ਸੰਪਾਦਕ ਵਜੋਂ ਕੰਮ ਕਰਦਾ ਸੀ ਤੇ ਮੇਰੇ ਕੋਲ ਰੋਜ਼ਾਨਾ ਅਕਾਲੀ ਪੱਤਰਕਾ ਦਾ ਮੈਗਜ਼ੀਨ ਸ਼ੈਕਸ਼ਨ ਹੁੰਦਾ ਸੀ । ਮੇਰਾ ਉਹਨਾਂ ਦਿਨਾਂ ਚ ਅਕਾਲੀ ਪੱਤਰਕਾ ਚ ਇਕ ਸਪਤਾਹਿਕ ਲਗਾਤਾਰ ਕਾਲਮ “ਪੰਜਾਬ ਦੁਖਾਂਤ ਬੀਤੇ ਦਸ ਵਰ੍ਹੇ (1981 – 1991) ਚਲਦਾ ਸੀ ਤੇ ਮੇਜਰ ਸਿੰਘ ਦਾ ਰੋਜ਼ਾਨਾ ਅਜੀਤ ਅਖਬਾਰ ਵਿੱਚ “ਗਾਥਾ ਬੀਤੇ ਦਹਾਕੇ ਦੀ” ਸਪਤਾਹਿਕ ਲਗਾਤਾਰ ਕਾਲਮ ਛਪਦਾ ਸੀ । ਜਿੱਥੇ ਮੈਂ ਆਪਣੇ ਕਾਲਮ ਵਿੱਚ ਪੂਰੇ ਦਹਾਕੇ ਦੌਰਾਨ ਵਾਪਰੇ ਖੂਨੀ ਵਰਤਾਰੇ ਦਾ ਵੱਖ ਵੱਖ ਪਹਿਲੂਆਂ ਤੋਂ ਵਿਸ਼ਲੇਸ਼ਣਾਤਮਕ ਅਧਿਐਨ ਪੇਸ਼ ਕਰਦਾ ਸੀ ਉੱਥੇ ਮੇਜਰ ਸਿੰਘ ਗਰਾਊਂਡ ਜੀਰੋ ਤੋਂ ਕਵਰੇਜ ਕਰ ਰਿਹਾ ਸੀ ਜਿਸ ਵਿੱਚ ਖਾੜਕੂਆ ਦੇ ਪਿੰਡਾਂ ਤੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀਆਂ ਇੰਟਰਵਿਊ ਵਗੈਰਾ ਦੀ ਪੇਸ਼ਕਾਰੀ ਹੁੰਦੀ ਸੀ ।ਸਾਡੇ ਦੇਵਾਂ ਦੇ ਇਹ ਕਾਲਮ ਬਹੁਤ ਲੰਮਾ ਸਮਾਂ ਚੱਲਦੇ ਰਹੇ ਤੇ ਬਾਅਦ ਚ ਕਿਤਾਬੀ ਰੂਪ ਚ ਵੀ ਪ੍ਰਕਾਸ਼ਤ ਹੋਏ । ਬੱਸ ਇੱਥੋਂ ਹੀ ਸਾਡੀ ਜਾਣ ਪਹਿਚਾਣ ਹੋਈ ਤੇ ਗਾਹੇ ਵਗਾਹੇ ਮੇਲ ਮਿਲਾਪ ਵੀ ਹੁੰਦਾ ਰਿਹਾ ।
ਸੋ ਜਾਣ ਪਹਿਚਾਣ ਕਾਫ਼ੀ ਪੁਰਾਣੀ ਹੋਣ ਕਰਕੇ ਮੈਂ ਮੇਜਰ ਸਿੰਘ ਨੂੰ ਬਹੁਤ ਨੇੜਿਓਂ ਹੋ ਤੱਕਿਆ । ਉਹ ਜਿੱਥੇ ਇਕ ਉਚ ਕੋਟੀ ਦਾ ਦਿਆਨਤਦਾਰ ਪੱਤਰਕਾਰ ਸੀ, ਉੱਥੇ ਜ਼ਮੀਨੀ ਹਕੀਕਤਾਂ ਨਾਲ ਜੁੜਿਆਂ ਹੋਇਆ ਇਕ ਬਹੁਤ ਵਧੀਆ ਇਨਸਾਨ ਵੀ ਸੀ ਜੋ ਬਹੁਤੀਆਂ ਅਕਾਸ਼ੀ ਉਡਾਰੀਆਂ ਮਾਰਨ ਵਾਲਿਆਂ ਦੇ ਨੇੜੇ ਵੀ ਨਹੀਂ ਸੀ ਲਗਦਾ ।
ਉਸ ਦੀ ਪੱਤਰਕਾਰੀ ਬਹੁਤ ਹੀ ਮਝੀ ਹੋਈ ਪੱਤਰਕਾਰੀ ਸੀ, ਰਿਪੋਰਟਾਂ ਘਟਨਾਵਾਂ ਦੇ ਵੇਰਵੇ ਤੋਂ ਅੱਗੇ ਘਟਨਾ ਦੀ ਤਹਿ ਤੱਕ ਵਿਸ਼ਲੇਸ਼ਣ ਕਰਦੀਆਂ ਸਨ । ਪੰਜਾਬ ਦੇ ਹਿੱਤਾਂ ਨਾਲ ਉਸ ਨੂੰ ਅੰਤਾਂ ਦਾ ਮੋਹ ਸੀ ਜਿਸ ਕਾਰਨ ਪੰਜਾਬ ਨਾਲ ਹੋ ਰਹੇ ਹਰ ਧੱਕੇ ਵਿਰੁੱਧ ਉਸ ਨੇ ਨਿੱਠਕੇ ਲਿਖਿਆ । ਕਈ ਵਾਰ ਜਦ ਅਸੀਂ ਇਕੱਠੇ ਮਿਲ ਬੈਠਦੇ ਤਾਂ ਪੰਜਾਬ ਬਾਰੇ ਗੱਲ ਕਰਕੇ ਦੋਵੇਂ ਹੀ ਭਾਵੁਕ ਹੋ ਜਾਂਦੇ ਤੇ ਲੰਮਾ ਹਾਉਕਾ ਭਰਕੇ ਸੋਚਦੇ ਕਿ ਉਫ ! ਪੰਜਾਬ ਦਾ ਕੀ ਬਣੇਗਾ ! ਕੋਈ ਪੰਜਾਬ ਨੂੰ ਸਾਂਭਣ ਵਾਲਾ ਮੁੜ ਤੇ ਇਸ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਵਾਲਾ ਸੂਰਮਾ ਪੈਦਾ ਹੋਵੇ !!
2014 ‘ਚ ਮੈ ਪੰਜਾਬ ਦੇ 1947 ਤੋਂ ਪਹਿਲਾਂ ਅਤੇ ਬਾਅਦ ਪੈਦਾ ਹੋਏ ਹਾਲਾਤਾਂ ਦਾ ਲੇਖਾ ਜੋਖਾ ਪੇਸ਼ ਕਰਦੀ ਪੁਸਤਕ “ਰੰਗਲਾ ਪੰਜਾਬ ਕਿ ਕੰਗਲਾ ਪੰਜਾਬ !!” ਲਿਖੀ, ਜਿਸ ਦਾ ਪੰਜਾਬ ਚ ਲੋਕ ਅਰਪਣ ਮੇਜਰ ਸਿੰਘ ਦੇ ਯਤਨਾਂ ਨਾਲ ਹੀ ਪ੍ਰੈਸ ਕਲੱਬ ਜਲੰਧਰ ਵਿਖੇ ਹੋਇਆ । 2017 ਚ ਮੈ ਬਰਤਾਨੀਆਂ ਦੇ ਮਸ਼ਹੂਰ ਸ਼ਹਿਰ “ਲੈਸਟਰ” ਚ ਵਸਦੇ ਪੰਜਾਬੀਓ ਬਾਰੇ ਇਕ ਖੋਜ ਭਰਪੂਰ ਪੁਸਤਕ ਦੀ ਰਚਨਾ ਕੀਤੀ । ਮੇਰੀ ਇਸ ਸੰਸਾਰ ਪ੍ਰਸਿੱਧ ਪੁਸਤਕ “66Years of Panjabis in Leicester – A Socio Analytical Study” ਦਾ ਲੋਕ ਅਰਪਣ ਵੀ ਪੰਜਾਬ ਚ ਮੇਜਰ ਸਿੰਘ ਦੀ ਹੀ ਦੇਖ ਰੇਖ ਹੇਠ ਹੋਇਆ । ਉਹ ਉਸ ਵੇਲੇ ਪ੍ਰੈਸ ਕਲੱਬ ਜਲੰਧਰ ਦੇ ਜਨਰਲ ਸਕੱਤਰ ਸਨ ਤੇ ਜੇਕਰ ਉਹ ਦਿਲਚਸਪੀ ਨਾ ਦਿਖਾਉਂਦੇ ਤਾਂ ਉਸ ਪੁਸਤਕ ਦਾ ਲੋਕ ਅਰਪਣ ਮੇਰੇ ਵਾਸਤੇ ਸੱਪ ਦੇ ਸਿਰੋਂ ਮਣੀ ਕੱਢਣ ਵਾਂਗ ਇਕ ਬਹੁਤ ਹੀ ਟੇਢਾ ਕਾਰਜ ਸੀ । ਇਹਨਾ ਉਕਤ ਦੋਹਾ ਸਮਿਆ ‘ਤੇ ਅਸੀਂ ਜੀਅ ਭਰਕੇ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ । ਮੇਜਰ ਸਿੰਘ ਨੇ ਹਰ ਵਾਰ ਕਿਹਾ ਢਿਲੋਂ ਯਾਰ, ਤੂੰ ਛੇਤੀਂ ਛੇਤੀਂ ਪੰਜਾਬ ਗੇੜਾ ਮਾਰਦਾ ਰਿਹਾ ਕਰ । ਇਸ ਦੇ ਨਾਲ ਉਹਨਾ ਨੇ ਇਹ ਵੀ ਹੈਰਾਨੀ ਪਰਗਟਾਉਣੀ ਕਿ “ਤੇਰੇ ਵਰਗਾ ਬੰਦਾ ਪੰਜਾਬ ਚ ਚਾਹੀਦਾ ਸੀ ਤੇ ਤੂੰ ਇੰਗਲੈਂਡ ਚ ਕਿਵੇਂ ਟਿਕ ਗਿਆ !!” ਸੱਚ ਜਾਣੋ, ਉਸ ਦਾ ਉਕਤ ਸਵਾਲ ਮੇਰੇ ਕਾਲਜੇ ਚ ਬੜੀ ਧੂਹ ਪਾਉਂਦਾ ਤੇ ਮੈ ਉਸ ਨੂੰ ਇਹ ਕਹਿਕੇ ਚੁੱਪ ਕਰ ਜਾਂਦਾ ਕਿ ਇਹ ਸਭ ਹਾਲਾਤਾਂ ਦਾ ਖੇਡ ਹੈ, ਮੇਰੇ ਦੋਸਤ, ਹਾਲਾਤ ਕਿਸੇ ਨੂੰ ਕਿਤੇ ਵੀ ਸੁੱਟ ਸਕਦੇ ਸਨ”
ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਮੇਜਰ ਸਿੰਘ, ਮੇਜਰ ਵੀ ਸੀ ਤੇ ਸਿੰਘ ਵੀ । ਮੇਰੀ ਜਾਚੇ ਮੇਜਰ ਸਿੰਘ ਖਰੀ ਤੇ ਸਾਫ ਸੁਥਰੀ ਪੱਤਰਕਾਰੀ ਦਾ “ਜਰਨੈਲ/ਮੇਜਰ” ਸੀ ਤੇ ਜਿਸ ਤਰਾਂ ਉਹ ਠੋਕ ਬਜਾ ਕੇ ਲਿਖਦਾ ਸੀ, ਉਸ ਦੀ ਲੇਖਣੀ ਚ ਸ਼ੇਰ ਦੀ ਦਹਾੜ ਸੀ, ਜਿਸ ਕਰਕੇ ਉਸ ਵਿੱਚ “ਸਿੰਘ” ਵਾਲਾ ਗੁਣ ਵੀ ਬਹੁਤ ਉਮਦਾ ਸੀ ।
ਅੱਜ ਮਨ ਬਹੁਤ ਉਦਾਸ ਹੈ, ਗਹਿਰਾ ਸਦਮਾ ਹੋਇਆ ਹੈ, ਉਸ ਦੇ ਚਲਾਣੇ ਦੀ ਖ਼ਬਰ ਪੜ੍ਹਕੇ, ਉਸ ਦਾ ਸਦੀਵੀ ਵਿਛੋੜਾ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਸਭਨਾ ਵਾਸਤੇ ਹੀ ਨਹੀਂ ਬਲਕਿ ਹਰ ਪੰਜਾਬੀ ਵਾਸਤੇ ਅਸਹਿ ਹੈ । ਭੌਰ ਵਜੂਦ ਛੱਡ ਚੁੱਕਾ ਹੈ, ਇਕ ਅਨਮੋਲ ਹੀਰਾ ਸਾਥੋਂ ਖੁਸ਼ ਗਿਆ ਹੈ, ਬਹੁਤ ਸਾਰੇ ਮੇਜਰ ਸਿੰਘ ਹੋਣਗੇ ਤੇ ਦੁਨੀਆਂ ‘ਤੇ ਆਉਂਦੇ ਜਾਂਦੇ ਰਹਿਣਗੇ, ਪਰ ਸਾਡਾ ਮੇਜਰ ਸਿੰਘ ਇਕ ਹੀ ਸੀ ਜੋ ਹੁਣ ਕਦੇ ਵੀ ਨਹੀਂ ਮਿਲੇਗਾ । ਅਜੇ ਉਸ ਦੀ ਉਮਰ ਨਹੀਂ ਸੀ ਜਾਣ ਦੀ, ਪਰ ਮੌਤ ਵਾਸਤੇ ਬਹਾਨਾ ਹੀ ਕਾਫ਼ੀ ਹੁੰਦੈ, ਕੁੱਜ ਕੁ ਸਾਲ ਪਹਿਲਾਂ ਵੀ ਮੇਜਰ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਦੇ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ, ਪਰ ਇਸ ਵਾਰ ਦਾ ਦੌਰਾ ਉਹਨਾ ਦੇ ਸਦੀਵੀ ਵਿਛੋੜੇ ਦਾ ਸਾਡੇ ਸਭਨਾ ਵਾਸਤੇ ਕਾਰਨ ਬਣਿਆ ਜਾਂ ਬਹਾਨਾ, ਇਸ ਗੱਲ ਦੀ ਹੁਣ ਮੈਨੂੰ ਕੋਈ ਸਮਝ ਨਹੀਂ ਆ ਰਹੀ, ਪਰ ਮੇਜਰ ਸਿੰਘ ਬਾਰੇ ਇਹ ਗੱਲ ਜ਼ਰੂਰ ਕਹਿ ਸਕਦਾ ਹਾਂ ਕਿ ਮੂੰਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਹੱਕਦਾਰ ਸੀ, ਸਰੀਰਕ ਤੌਰ ਤੇ ਸਾਨੂੰ ਹੁਣ ਕਦੀ ਵੀ ਨਹੀਂ ਮਿਲੇਗਾ, ਪਰ ਸਾਡੀਆਂ ਯਾਦਾਂ ਚ ਹਰ ਵੇਲੇ , ਹਰ ਪਲ ਜੀਉਂਦਾ ਰਹੇਗਾ, ਅਮਰ ਰਹੇਗਾ । ਆਪਣੇ ਦੋਸਤ, ਮੇਜਰ ਸਿੰਘ ਨੂੰ ਹੰਝੂ ਭਿੱਜੀ ਵਿਦਾਇਗੀ ਦੇਂਦਾ ਹੋਇਆ,ਉਸ ਦੀਆਂ ਯਾਦਾਂ ਦੀ ਪਟਾਰੀ ਸਾਂਭੀ ਬੈਠਾ ਤੇ ਗ਼ਮਗੀਨ !
– ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
06/03/2021
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly