ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਕੌਂਸਲਰਾਂ ਵੱਲੋਂ 10 ਜਨਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸੇ ਦੌਰਾਨ ਨਿਗਮ ਵਿੱਚ ਹਾਕਮ ਧਿਰ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਨੇ ਆਪਣੇ-ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਇਨ੍ਹਾਂ ਉਮੀਦਵਾਰਾਂ ਨੇ ਚੋਣ ਅਧਿਕਾਰੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ। ਇਨਾਂ ਚੋਣਾਂ ਲਈ ਭਾਜਪਾ ਵਲੋਂ ਮੇਅਰ ਦੇ ਅਹੁਦੇ ਲਈ ਕੌਂਸਲਰ ਰਾਜ ਬਾਲਾ ਮਲਿਕ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੌਂਸਲਰ ਰਵੀਕਾਂਤ ਸ਼ਰਮਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕੌਂਸਲਰ ਜਗਤਾਰ ਸਿੰਘ ਜੱਗਾ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਕੌਂਸਲਰ ਰਾਜ ਬਾਲਾ ਮਲਿਕ 2012 ਵਿੱਚ ਵੀ ਚੰਡੀਗੜ੍ਹ ਦੇ ਮੇਅਰ ਰਹਿ ਚੁੱਕੀ ਹਨ। ਉਸ ਵਕਤ ਉਹ ਕਾਂਗਰਸ ਪਾਰਟੀ ਵਲੋਂ ਨਿਗਮ ਵਿੱਚ ਕੌਂਸਲਰ ਸੀ ਅਤੇ 2014 ਵਿੱਚ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਈ ਸੀ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਕੌਂਸਲਰ ਗੁਰਬਖਸ਼ ਕੌਰ ਰਾਵਤ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੌਂਸਲਰ ਸ਼ੀਲਾ ਫੂਲ ਸਿੰਘ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕੌਂਸਲਰ ਰਵਿੰਦਰ ਕੌਰ ਗੁਜਰਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਚੰਡੀਗੜ੍ਹ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਭਾਜਪਾ ਦੇ ਉਮੀਦਵਾਰ ਤੈਅ ਕਰਨ ਲਈ ਬੀਤੇ ਦਿਨ ਚੰਡੀਗੜ੍ਹ ਪੁੱਜੇ ਸਨ। ਉਨ੍ਹਾਂ ਵਲੋਂ ਦਿੱਤੀ ਗਈ ਰਿਪੋਰਟ ਪਾਰਟੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪੀ ਗਈ ਸੀ। ਸ਼੍ਰੀ ਸ਼ਾਹ ਦੀ ਮਨਜ਼ੂਰੀ ਲੈਣ ਤੋਂ ਬਾਅਦ ਪਾਰਟੀ ਹਾਈ ਕਮਾਨ ਵਲੋਂ ਨਾਮ ਤੈਅ ਕਰਕੇ ਇਸ ਦੀ ਜਾਣਕਾਰੀ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੂੰ ਦਿੱਤੀ ਗਈ ਅਤੇ ਅੱਜ ਉਮੀਦਵਾਰਾਂ ਦੇ ਨਾਂ ਐਲਾਨੇ ਗਏ।
ਕੌਂਸਲਰ ਚੰਦਰਾਵਤੀ ਸ਼ੁਕਲਾ ਨੇ ਅਪਣਾਏ ਬਗਾਵਤੀ ਤੇਵਰ: ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਭਾਜਪਾ ਵਲੋਂ ਮੇਅਰ ਦੇ ਅਹੁਦੇ ਲਈ ਕੌਂਸਲਰ ਰਾਜਬਾਲਾ ਮਲਿਕ ਦੇ ਨਾਮ ਐਲਾਨਣ ਮਗਰੋਂ ਮੇਅਰ ਬਣਨ ਦੀ ਆਸ ਲਈ ਬੈਠੀ ਭਾਜਪਾ ਕੌਂਸਲਰ ਚੰਦਰਾਵਤੀ ਸ਼ੁਕਲਾ ਨੇ ਬਗਾਵਤੀ ਤੇਵਰ ਅਪਣਾ ਲਏ।
ਉਸ ਨੂੰ ਉਮੀਦ ਸੀ ਕਿ ਉਹ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨੀ ਜਾਵੇਗੀ ਪਰ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਸੂਤਰਾਂ ਅਨੁਸਾਰ ਸ਼੍ਰੀਮਤੀ ਸ਼ੁਕਲਾ ਨੇ ਮੇਅਰ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਵੀ ਤਿਆਰ ਕੀਤਾ ਹੋਇਆ ਸੀ। ਉਸ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਮੇਅਰ ਦੇ ਕਮਰੇ ਵਿੱਚ ਰੱਖਿਆ ਗਿਆ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਪਾਰਟੀ ਆਗੂਆਂ ਨੇ ਉਸ ਨੂੰ ਮਨਾ ਕੇ ਮਾਮਲਾ ਸ਼ਾਂਤ ਕੀਤਾ। ਭਾਜਪਾ ਵਿੱਚ ਨਾਮਜ਼ਦਗੀ ਨੂੰ ਲੈਕੇ ਹੋਈ ਇਸ ਅੰਦਰੂਨੀ ਲੜਾਈ ਦਾ ਲਾਹਾ ਲੈਣ ਲਈ ਵਿਰੋਧੀ ਧਿਰ ਕਾਂਗਰਸੀ ਨੇਤਾਂਵਾਂ ਨੇ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਕਾਂਗਰਸੀ ਸਮਰਥਕ ਮੇਅਰ ਦਫਤਰ ਵਿੱਚ ਕਥਿਤ ਤੌਰ ’ਤੇ ਨਜ਼ਰਬੰਦ ਭਾਜਪਾ ਕੌਂਸਲਰ ਚੰਦਰਾਵਤੀ ਨੂੰ ਮਿਲਣ ਪਹੁੰਚੇ ਪਰ ਉਥੇ ਬੈਠੇ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਅਤੇ ਕਾਂਗਰਸੀ ਸਮਰਥਕਾਂ ਨੇ ਭਾਜਪਾ ’ਤੇ ਇਸ ਮਾਮਲੇ ਵਿੱਚ ਬਦਸਲੂਕੀ ਦਾ ਦੋਸ਼ ਲਗਾਇਆ।
INDIA ਮੇਅਰ ਦੀ ਚੋਣ: ਭਾਜਪਾ ਨੇ ਰਾਜ ਬਾਲਾ ਤੇ ਕਾਂਗਰਸ ਨੇ ਗੁਰਬਖਸ਼ ਰਾਵਤ...