ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਦੋ ਗੈਂਗਸਟਰ ਗ੍ਰਿਫ਼ਤਾਰ

ਅੰਮ੍ਰਿਤਸਰ (ਸਮਾਜ ਵੀਕਲੀ) : ਇੱਥੇ ਅੱਜ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗਾਇਕ ਮੂਸੇਵਾਲਾ ਕਤਲ ਵਿੱਚ ਲੋੜੀਂਦੇ ਦੋ ਗੈਂਗਸਟਰਾਂ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਮਨਦੀਪ ਸਿੰਘ ਉਰਫ ਮਨਦੀਪ ਤੂਫ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਨੂੰ ਅੰਮ੍ਰਿਤਸਰ ਦੇ ਪਿੰਡ ਹਰਸ਼ਾ ਛੀਨਾ ਅਤੇ ਦੂਜੇ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖੱਖ ਵਿੱਚੋਂ ਕਾਬੂ ਕੀਤਾ ਗਿਆ। ਮਨਦੀਪ ਸਿੰਘ ਉਰਫ਼ ਤੂਫ਼ਾਨ (24) ਖ਼ਿਲਾਫ਼ ਸੱਤ ਕੇਸ ਦਰਜ ਹਨ। ਇਹ ਅੰਮ੍ਰਿਤਸਰ ਦੇ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਮਾਮਲੇ ਵਿੱਚ ਵੀ ਸ਼ਾਮਲ ਸੀ। ਮਨਪ੍ਰੀਤ ਸਿੰਘ ਉਰਫ ਮਨੀ ਰਈਆ(30) ਖ਼ਿਲਾਫ ਅਠਾਰਾਂ ਕੇਸ ਦਰਜ ਹਨ।

ਇਹ ਦੋਵੇਂ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਅਤੇ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਮਾਮਲੇ ਸਮੇਤ ਹੋਰ ਕਈ ਕੇਸਾਂ ਵਿੱਚ ਪੁਲੀਸ ਨੂੰ ਲੋੜੀਂਦੇ ਸਨ। ਦੋਵਾਂ ਨੂੰ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਮਗਰੋਂ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਪਿਸਤੌਲ ਅਤੇ 36 ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਪਿਸਤੌਲ ਚੀਨ ਅਤੇ ਦੂਜਾ ਯੂਐੱਸਏ ਦਾ ਬਣਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਇਹ ਦੋਵੇਂ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਭੇਜੀ ਗਈ ਪਹਿਲੀ ਟੀਮ ਵਿੱਚ ਸ਼ਾਮਲ ਸਨ। ਮਨੀ ਰਈਆ ਅਤੇ ਤੂਫ਼ਾਨ ਸਮੇਤ ਗੈਂਗਸਟਰ ਕਪਿਲ ਪਾਂਧੀ ਤੇ ਸਚਿਨ ਵੱਲੋਂ ਪੰਜਾਬੀ ਗਾਇਕ ਦੇ ਪਿੰਡ ਦੀ ਫਰਵਰੀ ਵਿੱਚ ਦੋ ਤੋਂ ਤਿੰਨ ਵਾਰ ਰੈਕੀ ਕੀਤੀ ਗਈ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਨੇ ਪੰਜਾਬੀ ਗਾਇਕ ਨੂੰ ਕਤਲ ਕਰਨ ਦੀ ਬਣਾਈ ਯੋਜਨਾ ਲਈ ਪੁਲੀਸ ਦੀ ਵਰਦੀ ਦਾ ਵੀ ਪ੍ਰਬੰਧ ਕੀਤਾ ਸੀ ਪਰ ਇਹ ਸਫ਼ਲ ਨਹੀਂ ਹੋ ਸਕੇ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਲਈ ਦੋ ਟੀਮਾਂ ਬਣਾਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਸਤਵੀਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਮਈ ਵਿੱਚ ਤੂਫ਼ਾਨ ਅਤੇ ਮਨੀ ਨੂੰ ਆਪਣੀ ਕਾਰ ਵਿਚ ਬਠਿੰਡਾ ਲੈ ਕੇ ਆਇਆ ਸੀ, ਜਿੱਥੇ ਦੂਜੀ ਟੀਮ ਦੇ ਮੈਂਬਰਾਂ ਮੰਨੂ ਅਤੇ ਪ੍ਰਿਯਾਵਰਤ ਫ਼ੌਜੀ ਨਾਲ ਇਨ੍ਹਾਂ ਨੂੰ ਮਿਲਾਇਆ ਸੀ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਵਿਚ ਪੁਲੀਸ ਦੇ ਏਡੀਸੀ ਅਭੀਮੰਨਿਊ ਰਾਣਾ, ਡੀਐੱਸਪੀ ਪਰਮਿੰਦਰ ਰਾਜਨ ,ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਸ਼ਾਮਲ ਸਨ । ਇਨ੍ਹਾਂ ਦੇ ਨਾਲ ਅੰਮ੍ਰਿਤਸਰ ਕਮਿਸ਼ਨਰੇਟ ਦੀ ਇਕ ਪੁਲੀਸ ਟੀਮ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਵੀ ਸ਼ਾਮਲ ਸੀ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ’ਚ ਮੀਂਹ ਦਾ ਕਹਿਰ; 9 ਮਜ਼ਦੂਰਾਂ ਸਮੇਤ 22 ਹਲਾਕ
Next articleਪਹਿਲਾ ਪੰਜਾਬੀ ਮਨੁੱਖੀ ਰੋਬੋਟ ਬਣਾਉਣ ਵਾਲੇ ਕੰਪਿਊਟਰ ਅਧਿਆਪਕ ਦਾ ਡਿਪਟੀ ਸਪੀਕਰ ਵੱਲੋਂ ਵਿਸ਼ੇਸ਼ ਸਨਮਾਨ