ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਫ਼ਰਜ਼ੀ ਖ਼ਬਰਾਂ, ਪੈਸੇ ਦੇ ਕੇ ਲੁਆਈਆਂ ਖ਼ਬਰਾਂ ਨਾਲੋਂ ਕਿਤੇ ਵੱਧ ਖ਼ਤਰਨਾਕ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਤੇ ਮੀਡੀਆ ਨੂੰ ਮਿਲ ਕੇ ਇਸ ਅਲਾਮਤ ਦਾ ਟਾਕਰਾ ਕਰਨਾ ਹੋਵੇਗਾ।
ਇਥੇ ਖ਼ਬਰ ਏਜੰਸੀ ਪੀਟੀਆਈ (ਭਾਰਤੀ ਪ੍ਰੈੱਸ ਟਰੱਸਟ) ਦੇ ਹੈੱਡਕੁਆਰਟਰ ’ਤੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਸਰਕਾਰ ਅਜਿਹਾ ਕੋਈ ਕਦਮ ਨਹੀਂ ਚੁੱਕੇਗੀ, ਜਿਸ ਨਾਲ ਮੀਡੀਆ ਦੀ ਆਜ਼ਾਦੀ ਨੂੰ ਕੋਈ ਖ਼ਤਰਾ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਧਾਰਾ ਵਾਲੇ ਕਈ ਮੀਡੀਆ ਹਾਊਸਾਂ ਨੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਓਟੀਟੀ (ਓਵਰ ਦੀ ਟੌਪ) ਮੰਚ ’ਤੇ ਸਰਕਾਰ ਦਾ ਕੋਈ ਕੰਟਰੋਲ ਨਾ ਹੋਣ ਕਰਕੇ ਉਥੇ ਖੁੱਲ੍ਹੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਮੈਂ ਇਸ ਮਸਲੇ ਨਾਲ ਨਜਿੱਠਣ ਲਈ ਸੁਝਾਅ ਮੰਗੇ ਹਨ ਕਿਉਂਕਿ ਓਟੀਟੀ ਮੰਚ ਉੱਤੇ ਚੰਗਾ, ਮਾੜਾ ਤੇ ਬਹੁਤ ਮਾੜਾ; ਹਰ ਤਰ੍ਹਾਂ ਦਾ ਵਿਸ਼ਾ ਵਸਤੂ ਵਿਖਾਇਆ ਜਾ ਰਿਹੈ।’ ਉਂਜ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਹਾਲ ਦੀ ਘੜੀ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ। ਉਨ੍ਹਾਂ ਫ਼ਰਜ਼ੀ ਖ਼ਬਰਾਂ ’ਤੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ, ‘ਇਹ ਪੈਸੇ ਦੇ ਕੇ ਲੁਆਈਆਂ ਜਾਂਦੀਆਂ ਖ਼ਬਰਾਂ ਨਾਲੋਂ ਵੱਧ ਖ਼ਤਰਨਾਕ ਹਨ।’ ਉਨ੍ਹਾਂ ਕਿਹਾ ਕਿ ਫ਼ਰਜ਼ੀ ਖ਼ਬਰਾਂ ਨੂੰ ਨੱਥ ਪਾਉਣਾ ਸਾਂਝਾ ਕੰਮ ਹੈ।
INDIA ਮੁੱਲ ਦੀਆਂ ਨਾਲੋਂ ਵੀ ਵੱਧ ਖ਼ਤਰਨਾਕ ਨੇ ਫ਼ਰਜ਼ੀ ਖ਼ਬਰਾਂ: ਜਾਵੜੇਕਰ