ਮੁੱਕੇਬਾਜ਼ੀ: ਸੋਨੀਆ ਤੇ ਲਵਲੀਨਾ ਕੁਆਰਟਰ ਫਾਈਨਲ ਵਿੱਚ ਪੁੱਜੀਆਂ; ਜਾਂਗੜਾ ਨੂੰ ਹਾਰ

ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਚਾਂਦੀ ਦਾ ਤਗ਼ਮਾ ਜੇਤੂ ਸੋਨੀਆ ਲਾਠੇਰ (57 ਕਿਲੋ) ਸਣੇ ਤਿੰਨ ਭਾਰਤੀ ਮਹਿਲਾ ਮੁੱਕੇਬਾਜ਼ ਬੁਲਗਾਰੀਆ ਵਿੱਚ ਚੱਲ ਰਹੇ 70ਵੇਂ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ। ਦੂਜੇ ਪਾਸੇ ਪੁਰਸ਼ ਵਰਗ ਦੇ ਭਾਰਤੀ ਮੁੱਕੇਬਾਜ਼ਾਂ ਦਾ ਪ੍ਰਦਰਸ਼ਨ ਨਮੋਸ਼ੀਜਨਕ ਰਿਹਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋ) ਅਤੇ ਵਿਲਾਓ ਬਾਸੁਮਤਾਰੀ (64 ਕਿਲੋ) ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ। ਦੋ ਵਾਰ ਏਸ਼ਿਆਈ ਚਾਂਦੀ ਦਾ ਤਗ਼ਮਾ ਜੇਤੂ ਰਹੀ ਲਾਠੇਰ ਨੇ ਸਰਬੀਆ ਦੀ ਯੇਲੇਨਾ ਜੇਕਿਚ ਨੂੰ 5-0 ਨਾਲ ਹਰਾਇਆ। ਹੁਣ ਉਹ ਅਮਰੀਕਾ ਦੀ ਯਾਰਿਸੇਲ ਰਾਮਿਰੇਜ਼ ਨਾਲ ਖੇਡੇਗੀ।ਇੰਡੀਅਨ ਓਪਨ ਦੀ ਸੋਨ ਤਗ਼ਮਾ ਜੇਤੂ ਬੋਰਗੋਹੇਨ ਨੇ ਆਸਟਰੇਲੀਆ ਦੀ ਜੇਸਿਕਾ ਮੇਸਿਨਾ ਨੂੰ ਹਰਾਇਆ। ਬਾਸੁਮਤਾਰੀ ਨੇ ਬੁਲਗਾਰੀਆ ਦੀ ਮੇਲਿਸ ਯੋਨੂਜੋਵਾ ਨੂੰ 3-2 ਨਾਲ ਮਾਤ ਦਿੱਤੀ। ਹੁਣ ਉਹ ਕ੍ਰੋਏਸ਼ੀਆ ਦੀ ਮਾਰੀਆ ਮਾਲੇਂਸੀਆ ਨਾਲ ਭਿੜੇਗੀ। ਪੁਰਸ਼ ਵਰਗ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚਾਂਦੀ ਦਾ ਤਗ਼ਮਾ ਜੇਤੂ ਮਨਦੀਪ ਜਾਂਗੜਾ (69 ਕਿਲੋ) ਅਤੇ ਹਰਸ਼ ਲਾਕੜਾ (81 ਕਿਲੋ) ਨੂੰ ਪਹਿਲੇ ਗੇੜ ਵਿੱਚ ਹੀ ਹਾਰ ਝੱਲਣੀ ਪਈ।

Previous articleਦੋਰਾਹਾ ਨੇੜੇ ਕਾਰ ਹਾਦਸੇ ’ਚ ਚਾਰ ਨੌਜਵਾਨ ਹਲਾਕ
Next articleਟੀਮ ਇੰਡੀਆ: ਰਾਹੁਲ ਅੰਦਰ, ਕਾਰਤਿਕ ਬਾਹਰ