ਮੁੰਬਈ (ਸਮਾਜਵੀਕਲੀ): ਚੱਕਰਵਾਤੀ ਤੁੂਫ਼ਾਨ ‘ਨਿਸਰਗ’ ਨੇ ਮਹਾਰਾਸ਼ਟਰ ਵਿੱਚ ਦਸਤਕ ਦੇ ਦਿੱਤੀ ਹੈ। ਨਵੀਂ ਮੁੰਬਈ, ਅਲੀਬਾਗ ਵਿੱਚ ਤੇਜ਼ ਹਵਾਵਾਂ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਤਨਾਗਿਰੀ ਵਿੱਚ ਇਕ ਬੈਂਕ ਦੀ ਇਮਾਰਤ ਦੀ ਛੱਤ ਉਡ ਗਈ, ਜਦੋਂ ਕਿ ਕਈ ਥਾਵਾਂ ’ਤੇ ਦਰੱਖਤ ਡਿੱਗਣ ਦੀ ਖਬਰ ਹੈ।
ਜ਼ਿਕਰਯੋਗ ਹੈ ਕਿ ਮੁੰਬਈ ਵਿੱਚ ਕਰੀਬ 129 ਵਰ੍ਹਿਆਂ ਬਾਅਦ ਚਕਰਵਾਤੀ ਤੂਫ਼ਾਨ ਨੇ ਦਸਤਕ ਦਿੱਤੀ ਹੈ। ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਸਮੁੰਦਰ ਵਿੱਚ ਤੇਜ਼ ਲਹਿਰਾਂ ਉਠ ਰਹੀਆਂ ਹਨ। ਤੂਫ਼ਾਨ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਮੱਧ ਰੇਲਵੇ ਨੇ ਮੁੰਬਈ ਤੋਂ ਕੁਝ ਰੇਲਗੱਡੀਆਂ ਦੇ ਰੂਟਾਂ ਨੂੰ ਤਬਦੀਲ ਕੀਤਾ ਹੈ ਅਤੇ ਕੁਝ ਦਾ ਸਮਾਂ ਬਦਲਿਆ ਹੈ। ਸਮੁੰਦਰੀ ਤਟ ’ਤੇ ਮਰਚੇਂਟ ਨੇਵੀ ਦਾ ਇਕ ਜਹਾਜ਼ ਪਾਣੀ ਵਿੱਚ ਫਸ ਗਿਆ ਹੈ।
ਜਹਾਜ਼ ਵਿੱਚ ਸਵਾਰ 10 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ। ਮਹਾਰਾਸ਼ਟਰ ਵਿੱਚ ਐਨਡੀਆਰਐਫ ਦੀਆਂ 20 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਕਾਬਿਲੇਗੌਰ ਹੈ ਕਿ ਇਹ ਤੂਫਾਨ ਅੱਜ ਸਵੇਰੇ ਇਥੋਂ 215 ਕਿਲੋਮੀਟਰ ਦੱਖਣ ਪੱਛਮ ਅਤੇ ਰਾਇਗੜ੍ਹ ਤੋਂ ਕਰੀਬ 165 ਕਿਲੋਮੀਟਾਰ ਦੱਖਣ-ਦੱਖਣ ਪੂਰਬ ਵਿੱਚ ਅਰਬ ਸਾਗਰ ’ਤੇ ਫੈਲਿਆ ਹੋਇਆ ਸੀ।