ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕੁਆਲੀਫਾਇਰ ਵਿਚ ਅੱਜ ਇੱਥੇ ਚੇਨੱਈ ਸੁਪਰਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਮੁੰਬਈ ਇੰਡੀਅਨਜ਼ ਵੱਲੋਂ ਸੂਰਿਆ ਕੁਮਾਰ ਯਾਦਵ ਨੇ ਨਾਬਾਦ 71, ਇਸ਼ਾਨ ਕਿਸ਼ਨ ਨੇ 28, ਰੋਹਿਤ ਸ਼ਰਮਾ ਨੇ ਚਾਰ, ਕਵਿੰਟਨ ਡੀਕਾਕ ਨੇ ਅੱਠ ਤੇ ਹਾਰਦਿਕ ਪਾਂਡਿਆ ਨੇ ਨਾਬਾਦ 13 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸਪਿੰਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ ਚਾਰ ਵਿਕਟਾਂ ’ਤੇ 131 ਦੌੜਾਂ ਹੀ ਬਣਾਉਣ ਦਿੱਤੀਆਂ। ਚੇਨੱਈ ਨੇ ਰਾਹੁਲ ਚਾਹੜ (14 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਜੈਅੰਤ ਯਾਦਵ (25 ਦੌੜਾਂ ਦੇ ਕੇ ਇੱਕ ਵਿਕਟ) ਦੀ ਫ਼ਿਰਕੀ ਸਾਹਮਣੇ ਲਗਾਤਾਰ ਵਿਕਟਾਂ ਗੁਆਈਆਂ। ਮੇਜ਼ਬਾਨ ਟੀਮ ਵੱਲੋਂ ਅੰਬਾਤੀ ਰਾਇਡੂ ਨੇ 37 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 42 ਦੌੜਾਂ ਬਣਾਈਆਂ। ਉਸ ਨੇ ਕਪਤਾਨ ਮਹਿੰਦਰ ਸਿੰਘ ਧੋਨੀ (29 ਗੇਂਦਾਂ ਵਿੱਚ ਨਾਬਾਦ 37 ਦੌੜਾਂ, ਤਿੰਨ ਛੱਕੇ) ਨਾਲ ਪੰਜਵੀਂ ਵਿਕਟ ਲਈ 66 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਟੀਚਾ ਦੇਣ ਯੋਗ ਸਕੋਰ ਤੱਕ ਪਹੁੰਚਾਇਆ।
ਇਨ੍ਹਾਂ ਦੋਵਾਂ ਤੋਂ ਇਲਾਵਾ ਮੁਰਲੀ ਵਿਜੈ (26 ਦੌੜਾਂ) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ।
ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਸੁਪਰ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਲੈੱਗ ਸਪਿੰਨਰ ਰਾਹੁਲ ਨੇ ਤੀਜੇ ਓਵਰ ਵਿੱਚ ਹੀ ਫਾਫ ਡੂ ਪਲੈਸਿਸ (ਪੰਜ ਦੌੜਾਂ) ਨੂੰ ਅਨਮੋਲਪ੍ਰੀਤ ਸਿੰਘ ਹੱਥੋਂ ਕੈਚ ਕਰਵਾਇਆ। ਸੁਰੇਸ਼ ਰੈਣਾ ਸਪਿੰਨਰ ਜੈਅੰਤ ਯਾਦਵ ਦੀ ਗੇਂਦ ’ਤੇ ਉਸੇ ਨੂੰ ਕੈਚ ਦੇ ਬੈਠਾ। ਉਸ ਨੇ ਵੀ ਪੰਜ ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਨੇ 13 ਗੇਂਦਾਂ ਦਾ ਸਾਹਮਣਾ ਕਰਦਿਆਂ ਦਸ ਦੌੜਾਂ ਬਣਾਈਆਂ। ਉਸ ਨੂੰ ਕਰੁਣਾਲ ਪਾਂਡਿਆ ਦੀ ਗੇਂਦ ’ਤੇ ਜੈਅੰਤ ਨੇ ਕੈਚ ਕੀਤਾ।
Sports ਮੁੰਬਈ ਇੰਡੀਅਨਜ਼ ਪ੍ਰੀਮੀਅਰ ਲੀਗ ਦੇ ਫਾਈਨਲ ’ਚ