ਸੁਰਜੀਤ ਹਾਕੀ ਟੂਰਨਾਮੈਂਟ: ਏਅਰ ਇੰਡੀਆ ਤੇ ਆਰਮੀ ਇਲੈਵਨ ਸੈਮੀ ਫਾਈਨਲ ’ਚ

ਏਅਰ ਇੰਡੀਆ ਮੁੰਬਈ ਅਤੇ ਆਰਮੀ ਇਲੈਵਨ ਨੇ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪੂਲ ‘ਸੀ’ ਦੇ ਮੈਚ ਵਿੱਚ ਏਅਰ ਇੰਡੀਆ ਅਤੇ ਓਐਨਜੀਸੀ ਦੀਆਂ ਟੀਮਾਂ 4-4 ਗੋਲਾਂ ਨਾਲ ਬਰਾਬਰੀ ’ਤੇ ਰਹੀਆਂ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਵਿੱਚ ਏਅਰ ਇੰਡੀਆ ਨੇ ਬੀਐਸਐਫ ਨੂੰ 4-0 ਗੋਲਾਂ ਨਾਲ ਅਤੇ ਓਐਨਜੀਸੀ ਨੇ ਬੀਐਸਐਫ ਨੂੰ 3-1 ਗੋਲਾਂ ਨਾਲ ਹਰਾਇਆ ਸੀ। ਇਸ ਲਈ ਦੋਵਾਂ ਦੇ 4-4 ਅੰਕ ਹੋ ਗਏ ਸਨ। ਗੋਲਾਂ ਦੇ ਆਧਾਰ ’ਤੇ ਏਅਰ ਇੰਡੀਆ ਅਗਲੇ ਗੇੜ ਵਿੱਚ ਪਹੁੰਚ ਗਈ। ਦੂਜੇ ਮੈਚ ਵਿੱਚ ਇੰਡੀਅਨ ਆਇਲ ਨੇ ਇੰਡੀਅਨ ਏਅਰ ਫੋਰਸ ਨੂੰ 5-4 ਨਾਲ ਮਾਤ ਦਿੱਤੀ, ਪਰ ਇਹ ਜਿੱਤ ਇੰਡੀਅਨ ਆਇਲ ਨੂੰ ਸੈਮੀਫਾਇਨਲ ਵਿੱਚ ਨਾ ਪਹੁੰਚਾ ਸਕੀ। ਕਿਉਂਕਿ ਬੀਤੇ ਦਿਨ ਆਰਮੀ ਇਲੈਵਨ ਨੇ ਇੰਡੀਅਨ ਆਇਲ ਨੂੰ 2-1 ਨਾਲ ਮਾਤ ਦਿੱਤੀ ਸੀ। ਪੂਲ ‘ਡੀ’ ਵਿੱਚ ਆਰਮੀ ਇਲੈਵਨ ਦੇ ਦੋ ਮੈਚਾਂ ਤੋਂ ਬਾਅਦ ਚਾਰ ਅੰਕ ਹਨ ਕਿਉਂਕਿ ਉਨ੍ਹਾਂ ਦਾ ਪਹਿਲਾ ਮੈਚ ਏਅਰ ਫੋਰਸ ਨਾਲ ਬਰਾਬਰ ਰਿਹਾ ਸੀ। ਜਦਕਿ ਇੰਡੀਅਨ ਆਇਲ ਦੇ ਦੋ ਮੈਚਾਂ ਤੋਂ ਬਾਅਦ ਤਿੰਨ ਅੰਕ ਹਨ। ਇਸ ਪੂਲ ਵਿੱਚ ਆਰਮੀ ਇਲੈਵਨ ਪਹਿਲੇ ਥਾਂ ਤੇ ਰਹਿਣ ਕਰਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰਨ ਵਾਲੀ ਦੂਜੀ ਟੀਮ ਬਣੀ। ਪਹਿਲੇ ਮੈਚ ਦੇ ਸ਼ੁਰੂਆਤੀ ਪਲਾਂ ਵਿੱਚ ਏਅਰ ਇੰਡੀਆ ਨੇ ਮੈਚ ’ਤੇ ਪਕੜ ਬਣਾਈ। ਖੇਡ ਦੇ 12ਵੇਂ ਮਿੰਟ ਵਿੱਚ ਏਅਰ ਇੰਡੀਆ ਦੇ ਫਿਰੋਜ਼ ਮੁਹੰਮਦ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਖਾਤਾ ਖੋਲ੍ਹਿਆ। 18ਵੇਂ ਮਿੰਟ ਵਿੱਚ ਅਭਾਰਨ ਸੁਧੇ ਨੇ ਦੂਜਾ ਪੈਨਲਟੀ ਕਾਰਨਰ ਰਾਹੀਂ ਗੋਲ ਦਾਗ਼ ਕੇ ਲੀਡ ਦੁੱਗਣੀ ਕਰ ਦਿੱਤੀ। 25ਵੇਂ ਮਿੰਟ ਵਿੱਚ ਤੀਜਾ ਗੋਲ ਸ਼ਿਵੇਂਦਰ ਸਿੰਘ ਨੇ ਦਾਗ਼ਿਆ। ਅੱਧੇ ਸਮੇਂ ਤੱਕ ਏਅਰ ਇੰਡੀਆ 3-0 ਨਾਲ ਅੱਗੇ ਸੀ। ਦੂਜੇ ਹਾਫ ਦੇ 45ਵੇਂ ਮਿੰਟ ਵਿੱਚ ਓਐਨਜੀਸੀ ਦੇ ਗੋਪੀ ਕੁਮਾਰ ਸੋਨਕਰ ਨੇ ਮੈਦਾਨੀ ਗੋਲ ਕਰਕੇ ਸਕੋਰ 1-3 ਕੀਤਾ। 55ਵੇਂ ਮਿੰਟ ਵਿੱਚ ਦਿਵਾਕਰ ਰਾਮ ਨੇ ਗੋਲ ਦਾਗ਼ ਕੇ ਸਕੋਰ 2-3 ਕੀਤਾ। 57ਵੇਂ ਮਿੰਟ ਵਿੱਚ ਏਅਰ ਇੰਡੀਆ ਦੇ ਓਤਮ ਸਿੰਘ ਨੇ ਗੋਲ ਕਰਕੇ ਸਕੋਰ 4-2 ਕਰ ਦਿੱਤਾ। ਇਸ ਤੋਂ ਬਾਅਦ ਓਐਨਜੀਸੀ ਦੇ ਕਪਤਾਨ ਟਾਇਰਨ ਪਰੇਰਾ ਨੇ ਲਗਾਤਾਰ ਦੋ ਗੋਲ ਦਾਗ਼ੇ ਅਤੇ ਸਕੋਰ 4-4 ਕੀਤਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਸੰਜੀਵ ਕੁਮਾਰ, ਅਮਰੀਕ ਸਿੰਘ ਪੁਆਰ ਡੀਸੀਪੀ ਅੰਮ੍ਰਿਤਸਰ, ਜਰਨੈਲ ਸਿੰਘ ਕੁਲਾਰ, ਸੁਰਿੰਦਰ ਸਿੰਘ, ਜੀ ਐਸ ਸੰਘਾ, ਐਲ ਆਰ ਨਈਅਰ, ਲਖਵਿੰਦਰ ਸਿੰਘ ਖਹਿਰਾ ਅਤੇ ਕੌਮੀ ਤੇ ਕੌਮਾਂਤਰੀ ਖਿਡਾਰੀ ਮੌਜੂਦ ਸਨ।

Previous articleਕੋਹਲੀ ਨੂੰ ਸੰਗਾਕਾਰਾ ਦੀ ਬਰਾਬਰੀ ਲਈ ਸੈਂਕੜੇ ਦੀ ਲੋੜ
Next articleਪਿਟਸਬਰਗ ਹਮਲਾ: ਮ੍ਰਿਤਕਾਂ ਦੀ ਗਿਣਤੀ 11 ਤੱਕ ਪੁੱਜੀ