ਮੁੰਬਈ ਇੰਡੀਅਨਜ਼ ਦੀ ਕੇਕੇਆਰ ’ਤੇ ਸੌਖੀ ਜਿੱਤ

ਲੇਸਿਥ ਮਲਿੰਗਾ ਦੀ ਅਗਵਾਈ ਵਿੱਚ ਗੇਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਵਾਲੀ ਪਾਰੀ ਕਰਕੇ ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਕੋਲਕਾਤਾ ਨਾਈਟਰਾਈਡਰਜ਼ ਨੂੰ 23 ਗੇਂਦਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਆਈਪੀਐੱਲ 2019 ਦੀ ਲੀਗ ਵਿਚ ਸਿਖਰਲਾ ਸਥਾਨ ਹਾਸਲ ਕਰਕੇ ਪਹਿਲੇ ਕੁਆਲੀਫਾਇਰ ਵਿੱਚ ਖੇਡਣ ਦਾ ਹੱਕ ਪ੍ਰਾਪਤ ਕੀਤਾ ਹੈ। ਕੇਕਆਰ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 133 ਦੌੜਾਂ ਹੀ ਬਣਾ ਸਕੀ। ਮੁੰਬਈ ਨੇ 16.1 ਓਵਰਾਂ ਵਿੱਚ ਇੱਕ ਵਿਕਟ ’ਤੇ 134 ਦੌੜਾਂ ਬਣਾ ਲਈਆਂ। ਰੋਹਿਤ ਨੇ 48 ਗੇਂਦਾਂ ਵਿੱਚ 55 ਦੌੜਾਂ ਬਣਾਈਆਂ, ਜਿਸ ਵਿੱਚ ਅੱਠ ਚੌਕੇ ਸ਼ਾਮਲ ਹਨ।
ਲੇਸਿਥ ਮਲਿੰਗਾ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੱਤ ਵਿਕਟਾਂ ’ਤੇ 133 ਦੌੜਾਂ ਹੀ ਬਣਾਉਣ ਦਿੱਤੀਆਂ। ਮਲਿੰਗਾ ਨੇ 35 ਦੌੜਾਂ ਦੇ ਕੇ ਤਿੰਨ, ਜਦਕਿ ਹਾਰਦਿਕ ਪਾਂਡਿਆ ਨੇ 20 ਦੌੜਾਂ ਅਤੇ ਜਸਪ੍ਰੀਤ ਬੁਮਰਾਹ ਨੇ 31 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਕਰੁਣਾਲ ਪਾਂਡਿਆ (14 ਦੌੜਾਂ) ਅਤੇ ਮਿਸ਼ੇਲ ਮੈਕਲੇਨਗਨ (19 ਦੌੜਾਂ) ਨੇ ਕਿਫ਼ਾਇਤੀ ਗੇਂਦਬਾਜ਼ੀ ਕੀਤੀ। ਕੇਕੇਆਰ ਦਾ ਹਮਲਾਵਰ ਬੱਲੇਬਾਜ਼ ਆਂਦਰੇ ਰੱਸਲ ਅੱਜ ਖ਼ਾਤਾ ਵੀ ਨਹੀਂ ਖੋਲ੍ਹ ਸਕਿਆ। ਕ੍ਰਿਸ ਲਿਨ (19 ਗੇਂਦਾਂ ’ਤੇ 41 ਦੌੜਾਂ) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ, ਪਰ ਉਸ ਤੋਂ ਇਲਾਵਾ ਸਿਰਫ਼ ਰੌਬਿਨ ਉਥੱਪਾ (47 ਗੇਂਦਾਂ ’ਤੇ 40 ਦੌੜਾਂ) ਅਤੇ ਨਿਤੀਸ਼ ਰਾਣਾ (13 ਗੇਂਦਾਂ ’ਤੇ 26 ਦੌੜਾਂ) ਹੀ ਦੂਹਰੇ ਅੰਕ ਤੱਕ ਪਹੁੰਚੇ। ਸ਼ੁੱਭਮਨ ਗਿੱਲ ਨੇ 16 ਗੇਂਦਾਂ ਵਿੱਚ ਨੌਂ ਦੌੜਾਂ ਬਣਾਈਆਂ। ਕੇਕੇਆਰ ਦੀਆਂ ਆਖ਼ਰੀ ਦੋ ਓਵਰਾਂ ਵਿੱਚ ਸਿਰਫ਼ ਦਸ ਦੌੜਾਂ ਬਣੀਆਂ। ਬੁਮਰਾਹ ਨੇ ਆਖ਼ਰੀ ਦੋ ਗੇਂਦਾਂ ’ਤੇ ਉਥੱਪਾ ਅਤੇ ਰਿੰਕੂ ਸਿੰਘ (ਚਾਰ) ਨੂੰ ਆਊਟ ਕੀਤਾ।

Previous articleਹਿੱਤਾਂ ਦਾ ਟਕਰਾਅ: ਸਚਿਨ ਨੇ ਮੌਜੂਦਾ ਹਾਲਾਤ ਲਈ ਬੀਸੀਸੀਆਈ ਨੂੰ ਜ਼ਿੰਮੇਵਾਰ ਠਹਿਰਾਇਆ
Next articleराजनीति और वैचारिक खोखलापन