ਲ਼ੱਤ ਮਾਰ ਕੇ ਦੁੱਧ ਤੇ ਘਿਉ ਨੂੰ,
ਮੁੰਡੇ ਨਸ਼ੇ ਦੇ ਆਦੀ ਹੋਏ ਬੇਲੀ।
ਉੱਥੋਂ ਕੱਢ ਲੈਂਦੇ ਨੇ ਝੱਟ ਪੈਸੇ,
ਜਿੱਥੇ ਪਿਉ ਨੇ ਹੋਣ ਲਕੋਏ ਬੇਲੀ।
ਕਿਤੇ ਮਾਂ ਨੂੰ ਜ਼ਖ਼ਮੀ ਕੀਤਾ ਨਸ਼ੇ ਕਰਕੇ,
ਕਿਤੇ ਪਿਉ ਨਾਲ ਵੱਧ, ਘੱਟ ਹੋਏ ਬੇਲੀ।
ਆਪ ਰੁਲਦੇ, ਮਾਂ-ਪਿਉ ਨੂੰ ਰੋਲਦੇ,
ਜ਼ਮੀਨਾਂ ਵੇਚ ਕੇ ਵਿਹਲੇ ਹੋਏ ਬੇਲੀ।
ਜਦ ਮਿਲੇ ਨਾ ਪੈਸੇ ਉਧਾਰੇ ਕਿਸੇ ਤੋਂ,
ਬੱਚਿਆਂ ਵਾਂਗ ਉੱਚੀ ਉੱਚੀ ਰੋਏ ਬੇਲੀ।
ਆਪੇ ਹੰਝੂ ਇਨ੍ਹਾਂ ਨੇ ਗਲ ਪਾਏ,
ਕਿਹੜਾ ਇਨ੍ਹਾਂ ਦੀਆਂ ਅੱਖਾਂ ਧੋਏ ਬੇਲੀ।
ਕਈ ਮਰੇ ਨਸ਼ੇ ਦੀ ਘਾਟ ਕਰਕੇ,
ਕਈ ਵੱਧ ਨਸ਼ੇ ਦੀ ਡੋਜ਼ ਨਾਲ ਮੋਏ ਬੇਲੀ।
ਕਿਵੇਂ ਨਸ਼ਿਆਂ ਨੂੰ ਪਏ ਠਲ੍ਹ ਇੱਥੇ,
ਜਦ ਨੇਤਾ ਨਸ਼ਾ ਤਸਕਰਾਂ ਨਾਲ ਰਲੇ ਹੋਏ ਬੇਲੀ।
– ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554