ਕਰੋਨਾ ਵਾਇਰਸ ਦੇ ਇਲਾਜ ਦੇ ਲਈ ਸਰਕਾਰ ਨੇ ਦੇਸ਼ ਦੀ ਸਭ ਤੋਂ ਪੁਰਾਣੀ ਇਲਾਜ ਪ੍ਰਣਾਲੀ ਆਯੁਰਵੇਦ ਨੂੰ ਮਾਨਤਾ ਦੇਕੇ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਲਈ ਇਕ ਬਹੁਤ ਅਹਿਮ ਕਦਮ ਚੱਕਿਆ ਹੈ। ਸਿਹਤ ਮੰਤਰਾਲੇ ਨੇ ਇਸ ਦੇ ਲਈ ਤੌਰ ਤਰੀਕਿਆਂ ਸਬੰਧੀ ਜੋ ਦਿਸ਼ਾ—ਨਿਰਦੇਸ਼ ਜਾਰੀ ਕੀਤੇ ਹਨ,ਉਨ੍ਹਾਂ ਨਾਲ ਹੁਣ ਸਾਰੇ ਦੇਸ਼ *ਚ ਆਯੁਰਵੇਦ ਇਲਾਜ ਪ੍ਰਣਾਲੀ ਨਾਲ ਵੀ ਕਰੋਨਾ ਦਾ ਇਲਾਜ ਸੰਭਵ ਹੋ ਸਕੇਗਾ।
ਪਿਛਲੇ 6 ਮਹੀਨਿਆਂ ਦੌਰਾਨ ਪੀੜਤਾਂ ਦਾ ਇਲਾਜ ਸਿਰਫ ਐਲੋਪੈਥਿਕ ਇਲਾਜ ਪ੍ਰਣਾਲੀ *ਤੇ ਹੀ ਨਿਰਭਰ ਬਣਿਆ ਹੋਇਆ ਸੀ।ਭਾਵੇਂ ਸੰਕਰਮਣ ਹਲਕਾ ਹੋਵੇ ਜਾਂ ਜਿਆਦਾ ਹਰ ਇਕ ਮਰੀਜ ਨੂੰ ਤੈਅ ਨਿਯਮਾਂ ਦੇ ਮੁਤਾਬਕ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਇਕਾਂਤਵਾਸ ਕੇਂਦਰਾਂ *ਚ ਭੇਜਿਆ ਜਾ ਰਿਹਾ ਸੀ।ਇਸ ਤਰ੍ਹਾਂ ਲੋਕਾਂ ਦੇ ਮਨਾਂ ਵਿਚ ਬਹੁਤ ਜਿਆਦਾ ਖੌਫ ਬਣਾਇਆ ਗਿਆ ਅਤੇ ਲੋਕ ਬਿਮਾਰੀ ਨੂੰ ਛੁਪਾਉਣ ਲੱਗੇ।
ਦਰਅਸਲ,ਮਹਾਂਮਾਰੀ ਘੋਸ਼ਤ ਹੋਣ ਤੋਂ ਬਾਅਦ ਭਾਰਤ ਅਤੇ ਦੁਨੀਆਂ ਦੇ ਤਮਾਮ ਦੇਸ਼ਾਂ ਸਾਹਮਣੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ—ਨਿਰਦੇਸ਼ਾਂ ਮੁਤਾਬਕ ਚੱਲਣ ਦੀ ਰੁਕਾਵਟ ਬਣੀ ਰਹੀ।ਇਸੇ ਲਈ ਭਾਰਤ ਵਿਚ ਇਸ ਦੇਸੀ ਇਲਾਜ ਪ੍ਰਣਾਲੀ ਨੂੰ ਕੋਈ ਤਵੱਜੋ ਨਹੀਂ ਮਿਲੀ।ਪਰ ਬਾਵਜੂਦ ਇਸਦੇ ਲੌਕ ਸ਼ਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਦੇ ਲਈ ਦੇਸੀ ਨੁਸਖਿਆਂ ਦਾ ਇਸਤੇਮਾਲ ਕਰਦੇ ਰਹੇ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਨੁਸਖੇ ਇਕ ਹੱਦ ਤੱਕ ਕਾਰਗਰ ਸਿੱਧ ਹੋਏ।
ਆਯੁਰਵੇਦ ਭਾਰਤ ਦੀ ਹੀ ਨਹੀਂ ਸਗੋਂ ਦੁਨੀਆਂ ਦੀ ਸਭ ਤੋਂ ਪੁਰਾਣੀ ਇਲਾਜ ਪ੍ਰਣਾਲੀ ਹੈ। ਧਨਵੰਤਰੀ ਤੋਂ ਲੈਕੇ ਚਰਕ ਅਤੇ ਸ਼ੁਸ਼ੁਰਤ ਜਿਹੇ ਆਯੁਰਵੇਦ ਦੇ ਰਿਸ਼ੀਆਂ ਨੇ ਮਨੁੱਖਾਂ ਜੂਨ ਦੇ ਲਈ ਇਸ ਨੂੰ ਹਰ ਪੱਖੋਂ ਸਮਰੱਥ ਬਣਾਇਆ।ਆਯੁਰਵੇਦ *ਚ ਰੋਗਾਂ ਦੇ ਇਲਾਜ ਤੋਂ ਲੈਕੇ ਦਵਾਈਆਂ ਤਿਆਰ ਕਰਨ ਦੀ ਪਰੰਪਰਾ ਅੱਜ ਤੱਕ ਜਾਰੀ ਹੈ। ਇਸ ਦਾ ਵੱਡਾ ਪ੍ਰਭਾਵ ਇਹ ਹੈ ਕਿ ਭਾਰਤ ਅੱਜ ਆਯੁਰਵੇਦਿਕ ਇਲਾਜ ਦੇ ਗੜ੍ਹ ਵਜੋਂ ਮੁੜ ਸਥਾਪਤ ਹੋ ਚੁੱਕਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੋਰ ਇਲਾਜ ਪ੍ਰਣਾਲੀਆਂ ਦੀ ਬਰਾਬਰੀ *ਚ ਆਯੁਰਵੇਦ ਸਭ ਤੋਂ ਸਸਤੀ ਵਿਧੀ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਵਿੱਚ ਹੈ।
ਭਾਰਤੀ ਘਰਾਂ *ਚ ਆਮਤੌਰ *ਤੇ ਰਸੋਈ *ਚ ਅਜਿਹੀਆਂ ਚੀਜਾਂ ਮੌਜ਼ੂਦ ਰਹਿੰਦੀਆਂ ਹਨ ਜਿੰਨ੍ਹਾਂ ਨੂੰ ਜਿਆਦਾਤਰ ਬਿਮਾਰੀਆਂ ਦੇ ਇਲਾਜ ਦੇ ਹੱਲ *ਚ ਕਾਰਗਰ ਰੂਪ *ਚ ਇਸਤੇਮਾਲ *ਚ ਲਿਆਇਆ ਜਾਂਦਾ ਹੈ। ਇਸ ਲਈ ਕਰੋਨਾ ਤੋਂ ਬਚਣ ਦੇ ਲਈ ਆਯੁਰਵੇਦ ਮਾਹਿਰ ਪਹਿਲਾਂ ਤੋਂ ਹੀ ਮਾਸਕ ਅਤੇ ਸੁਰੱਖਿਅਤ ਦੂਰੀ ਦੇ ਉਪਾਅ ਤੋਂ ਇਲਾਵਾ ਹਲਦੀ,ਲੌਂਗ,ਕਾਲੀ ਮਿਰਚ,ਸੁੰਡ,ਦਾਲਚੀਨੀ ਅਤੇ ਗਲੋ ਆਦਿ ਦਾ ਕਾਢ੍ਹਾ ਪੀਣ ਦੀ ਸਲਾਹ ਦਿੰਦੇ ਰਹੇ, ਤਾਂਕਿ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਿਕਸਤ ਹੋਵੇ ਅਤੇ ਉਹ ਸੰਕਰਮਣ ਤੋਂ ਬਚ ਸਕਣ।ਇਹ ਆਯੁਰਵੇਦ *ਚ ਵਿਸ਼ਵਾਸ ਦਾ ਹੀ ਨਤੀਜਾ ਰਿਹਾ ਕਿ ਦੇਸ਼ ਦੇ ਕਰੋੜਾਂ ਲੋਕਾਂ ਨੇ ਇਸ ਤਰ੍ਹਾਂ ਦੇ ਇਲਾਜ ਅਤੇ ਟੋਟਕਿਆਂ ਨੂੰ ਅਪਣਾਇਆ ਅਤੇ ਆਪਣਾ ਬਚਾਅ ਵੀ ਕੀਤਾ।
ਭਾਰਤ ਦੀ ਵੱਡੀ ਅਬਾਦੀ ਅਜਿਹੀ ਹੈ ਜ਼ੋ ਐਲੋਪੈਥਿਕ ਇਲਾਜ ਪ੍ਰਣਾਲੀ ਦਾ ਖਰਚ ਨਹੀਂ ਚੱਕ ਸਕਦੀ ।ਸਭ ਨੇ ਦੇਖਿਆ ਕਿ ਜਿਹੜੇ ਕਰੋਨਾ ਮਰੀਜਾਂ ਨੂੰ ਹਸਪਤਾਲਾਂ ਵੱਲ ਭੱਜਣ ਨੂੰ ਮਜ਼ਬੂਰ ਹੋਣਾ ਪਿਆ, ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਹਜਾਰਾਂ ਰੁਪਏ ਫੂਕਨੇ ਪਏ। ਇਨ੍ਹਾਂ ਵਿਚੋਂ ਜਿਆਦਾਤਰ ਮਾਮਲੇ ਤਾਂ ਅਜਿਹੇ ਵੀ ਮਿਲ ਜਾਣਗੇ ਜਿਹੜੇ ਕੇਸਾਂ ਵਿਚ ਬਹੁਤ ਮਾਮੂਲੀ ਸੰਕਰਮਣ ਹੋਣ ਦੇ ਬਾਵਜੂਦ ਵੀ ਮਰੀਜਾਂ ਨੂੰ ਲੰਮੇ ਸਮੇਂ ਲਈ ਇਲਾਜ ਅਧੀਨ ਰਹਿਣਾ ਪਿਆ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ