(ਸਮਾਜ ਵੀਕਲੀ)
ਰੀਤ ਇਕ ਅਨਾਥ ਲੜਕੀ ਸੀ । ਉਸਦੇ ਮਾਂ -ਬਾਪ ਉਸਨੂੰ ਛੋਟੀ ਉਮਰ ਵਿੱਚ ਹੀ ਛੱਡ ਕੇ ਚੱਲ ਵਸੇ । ਉਸਦਾ ਪਾਲਣ ਪੋਸ਼ਣ ਉਸਦੇ ਨਾਨਕੇ ਪਰਿਵਾਰ ਨੇ ਕੀਤਾ । ਮਾਂ ਬਾਪ ਤੋ ਬਿਨਾਂ ਉਸਨੇ ਬਹੁਤ ਹੀ ਔਖਾ ਜੀਵਨ ਕੱਢਿਆ । ਹਰ ਸੱਧਰ ਨੂੰ ਆਪਣੇ ਦਿਲ ਅੰਦਰ ਹੀ ਦਬਾ ਲਿਆ । ਬੁੱਲ੍ਹਾਂ ਤੇ ਹਮੇਸ਼ਾ ਚੁੱਪ ਰੱਖੀ । ਉਹ ਨਾਨਕੇ ਘਰ ਸਾਰੇ ਕੰਮ ਕਰਦੀ ਤੇ ਆਪਣੀ ਪੜਾਈ ਵੱਲ ਧਿਆਨ ਦਿੰਦੀ । ਪਰ ਕਦੇ ਕਦੇ ਉਹ ਸੋਚਦੀ ਕਿ ਜੇਕਰ ਉਸਦੇ ਮਾਂ – ਬਾਪ ਨਹੀਂ ਤਾਂ ਉਸਦੇ ਪਰਿਵਾਰ ਵਿੱਚ ਉਸਦੇ ਚਾਚੇ , ਤਾਏ ਆਦਿ ਕੋਈ ਤਾਂ ਹੋਵੇਗਾ ਫਿਰ ਉਹ ਉਸ ਨੂੰ ਕਿਉੰ ਨੀ ਮਿਲਦੇ ।
ਉਸਦਾ ਦਿਲ ਕਰਦਾ ਸੀ ਕਿ ਉਹ ਉੱਡ ਕੇ ਆਪਣੇ ਪਿੰਡ ਪਹੁੰਚ ਜਾਵੇ ਤੇ ਸਭ ਨੂੰ ਮਿਲੇ । ਪਰ ਉਹ ਮਜਬੂਰ ਸੀ । ਫਿਰ ਉਸਦਾ ਵਿਆਹ ਹੋ ਗਿਆ ਤਾਂ ਉਸਨੇ ਆਪਣੇ ਪਤੀ ਨੂੰ ਆਪਣੀ ਇੱਛਾ ਦੱਸੀ ਕਿ ਉਹ ਆਪਣਾ ਪੇਕਾ ਪਿੰਡ ਦੇਖਣਾ ਚਾਹੁੰਦੀ ਤਾਂ ਪਤੀ ਨੇ ਗੱਲ ਮੰਨ ਲਈ । ਆਪਣੇ ਪਿੰਡ ਪਹੁੰਚ ਕੇ ਉਹ ਕਿਸੇ ਤੋਂ ਘਰ ਦਾ ਪਤਾ ਪੁੱਛ ਕੇ ਘਰ ਪੁਹੰਚੀ ਤੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਆਪਣੀ ਪਹਿਚਾਣ ਦੱਸੀ ।
ਰੀਤ ਦੇ ਤਾਇਆ ਜੀ ਨੇ ਆਪਣੇ ਭਰਾ ਦੀ ਆਖਰੀ ਨਿਸ਼ਾਨੀ ਨੂੰ ਘੁੱਟ ਕੇ ਗਲ ਨਾਲ ਲਗਾ ਲਿਆ । ਸਾਰੇ ਭੈਣ ਭਰਾਵਾ ਨੇ ਬਹੁਤ ਆਓ ਭਗਤ ਕੀਤੀ । ਰੀਤ ਨੂੰ ਪਹਿਲੀ ਵਾਰ ਆਪਣਿਆ ਦੀ ਮੁਹੱਬਤ ਦਾ ਅਹਿਸਾਸ ਹੋਇਆ। ਸਾਰਾ ਪਿੰਡ ਰੀਤ ਨੂੰ ਮਿਲਣ ਆਇਆ ਇਸ ਕਰਕੇ ਉਹ ਕੁਝ ਦਿਨ ਉੱਥੇ ਹੀ ਰੁੱਕ ਗਈ । ਇੱਕ ਦਿਨ ਖੇਤ ਵਿੱਚ ਸੈਰ ਕਰਦਿਆਂ ਉਸਨੂੰ ਇੱਕ ਬਜ਼ੁਰਗ ਮਿਲਿਆ ਤੇ ਕਹਿਣ ਲੱਗਿਆ ,” ਧੀਏ ! ਆਹ ਜਿਹੜੀ ਜ਼ਮੀਨ ਵਿੱਚ ਤੂੰ ਖੜੀ ਹੈ, ਇਹ ਸਕੂਲ ਦੀ ਕੰਧ ਨਾਲ ਲੱਗਦੀ ਹੋਣ ਕਰਕੇ ਤੇਰੇ ਬਾਪ ਦੀ ਇੱਛਾ ਸੀ ਕਿ ਇਹ ਸਕੂਲ ਨੂੰ ਦਾਨ ਦੇ ਦੇਵੇ ਪਰ ਅਣਹੋਣੀ ਨੂੰ ਕੌਣ ਰੋਕੇ ?
ਉਹ ਦਾਨ ਕਰਨ ਤੋਂ ਪਹਿਲਾਂ ਹੀ ਤੁਰ ਗਿਆ । ” ਇਹ ਸੁਣ ਕੇ ਰੀਤ ਦੀਆਂ ਅੱਖਾਂ ਭਰ ਆਈਆ ਤੇ ਉਹ ਆਪਣੇ ਸਹੁਰੇ ਘਰ ਵਾਪਿਸ ਆ ਗਈ ਪਰ ਹਰ ਰੋਜ ਹੁਣ ਉਸਦਾ ਤਾਇਆ , ਤਾਈ ,ਬੱਚੇ ਤੇ ਭੂਆਂ ਉਸ ਨਾਲ ਫੋਨ ਤੇ ਘੰਟਿਆਂ ਬੱਧੀ ਗੱਲਾਂ ਕਰਦੇ ਤੇ ਉਹਨਾਂ ਦੀ ਮੁਹੱਬਤ ਅੱਗੇ ਰੀਤ ਨੂੰ ਦੁਨੀਆਂ ਦੀ ਹਰ ਚੀਜ਼ ਫਿੱਕੀ ਲੱਗਦੀ । ਪਰ ਰੀਤ ਨੂੰ ਉਸ ਬਜ਼ੁਰਗ ਦੀ ਗੱਲ ਬਹੁਤ ਯਾਦ ਆਉਂਦੀ ਤੇ ਇਕ ਦਿਨ ਉਸਨੇ ਆਪਣੇ ਪਤੀ ਨੂੰ ਕਿਹਾ , ਕੀ ਹੋਇਆਂ ? ਜੇਕਰ ਮੇਰਾ ਬਾਪ ਜਿੰਦਾ ਨਹੀਂ ਪਰ ਉਸ ਘਰ ਤੇ ਉਸ ਜਮੀਨ ਵਿੱਚ ਮੇਰੇ ਪਿਤਾ ਦਾ ਹਿੱਸਾ ਸੀ ।
ਮੈਨੂੰ ਆਪਣੇ ਲਈ ਉਥੋਂ ਕੁਝ ਨਹੀਂ ਚਾਹੀਦਾ ਬਸ ਮੈ ਆਪਣੇ ਪਿਤਾ ਦੀ ਆਖਰੀ ਇੱਛਾ ਪੂਰੀ ਕਰਨੀ ਚਾਹੁੰਦੀ ਹਾਂ ਤੇ ਮੈ ਜ਼ਮੀਨ ਦਾ ਕੁੱਝ ਹਿੱਸਾ ਸਕੂਲ ਨੂੰ ਦਾਨ ਦੇਣਾ ਚਾਹੁੰਦੀ …ਮੈ ਤਾਇਆ ਜੀ ਨਾਲ ਗੱਲ ਕਰਦੀ । ” ਏਨਾ ਕਹਿ ਰੀਤ ਦੁਬਾਰਾ ਪਿੰਡ ਪਹੁੰਚੀ ਤੇ ਗੱਲ ਕੀਤੀ । ਏਨਾ ਸੁਣਦੇ ਹੀ ਸਭ ਦੇ ਤੇਵਰ ਬਦਲ ਗਏ ਤੇ ਤਾਇਆ ਖਿੱਝ ਕੇ ਬੋਲਿਆ ” ਕਿਹੜੀ ਜ਼ਮੀਨ ਦੀ ਗੱਲ ਕਰਦੀ ਕੁੜੇ !
ਕਿੰਨੀਆ ਕਬੀਲਦਾਰੀਆਂ ਮੈ ਇਕੱਲੇ ਨੇ ਨਿਭਾਈਆ…ਤੇਰੇ ਬਾਪ ਦੇ ਮਰਨੇ ਦੀਆਂ ਸਾਰੀਆਂ ਰਸਮਾਂ ਮੈ ਕੀਤੀਆਂ..ਹੁਣ ਤੂੰ ਜ਼ਮੀਨ ਲੈਣ ਆ ਗਈ .. ਚਲੀ ਜਾ ਇਸ ਘਰ ਚੋ ਇੱਥੇ ਕੁਝ ਨਹੀਂ ਤੇਰੇ ਬਾਪ ਦਾ…” ਰੀਤ ਸੋਚ ਰਹੀ ਸੀ ਵੀ ਸਭ ਤੋਂ ਵੱਡੀ ਜਿੰਮੇਵਾਰੀ ਤਾਂ ਮੈ ਸੀ ਆਪਣੇ ਬਾਪ ਦੀ ਪਰ ਮੈਨੂੰ ਤਾਂ ਕਦੀ ਪੁੱਛਿਆ ਹੀ ਨਹੀਂ ਤੇ ਰੀਤ ਨੇ ਸਾਰੇ ਪਰਿਵਾਰ ਦੀਆਂ ਅੱਖਾਂ ਵਿੱਚ ਆਪਣੇ ਲਈ ਨਫਰਤ ਦੇਖੀ । ਰੀਤ ਪਤੀ ਦੇ ਗੱਲ ਲੱਗ ਭੁੱਬਾ ਮਾਰ ਕੇ ਰੋਣ ਲੱਗੀ ਤੇ ਘਰ ਵਾਪਿਸ ਆ ਗਈ । ਇਸ ਦਿਨ ਤੋ ਬਾਅਦ ਨਾ ਕਦੇ ਰੀਤ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤੇ ਨਾ ਕਦੇ ਉਸ ਦੇ ਪਰਿਵਾਰ ਨੇ । ਰੀਤ ਨੂੰ ਇਸ ਮੁਹੱਬਤ ਬਨਾਮ ਨਫਰਤ ਤੱਕ ਦੇ ਸਫ਼ਰ ਨੇ ਤੋੜ ਕੇ ਰੱਖ ਦਿੱਤਾ ਤੇ ਉਹ ਮਹਿਸੂਸ ਕਰਦੀ ਕਿ ਸੱਚ ਹੀ ਕਿਹਾ ਕਿਸੇ ਨੇ:-
” ਮੁਹੱਬਤਾਂ ਦੇ ਸ਼ਹਿਰ ਨੇ ਤੇ ਲਾਏ ਨਫ਼ਰਤਾਂ ਦੇ ਡੇਰੇ ਨੇ
ਏਥੇ ਪੈਸੇ ਲਈ ਹੀ ਲੋਕ ਮੇਰੇ ਤੇ ਪੈਸੇ ਲਈ ਹੀ ਤੇਰੇ ਨੇ ।”
ਪਰਮਜੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly