(ਸਮਾਜ ਵੀਕਲੀ)
ਖੇਤਾਂ ‘ਚ ਜਾ
ਵੱਟ-ਬੰਨੇ ਤੁਰਨਾ
ਫੋਟੋ ਖਿੱਚਵਾਉਣਾ
ਤੇ ਫੋਟੋ ਛੁਪਾਉਣਾ
ਤੈਨੂੰ ਚੰਗਾ ਲਗਦੈ …!
ਪਤੈ ਉਡੀਕਦੀ ਹੋਵੇਂਗੀ
ਹਰ ਰੋਜ਼ ਤੱਕਦੀ ਹੋਵੇਂਗੀ ਰਾਹ
ਸੋਚਦੀ ਹੋਵੇਂਗੀ
ਮਿਲਣ ‘ਤੇ ਮੁੱਕੇ ਮਾਰ
ਕੱਢਾਂਗੀ ਸਾਰਾ ਗ਼ੁੱਸਾ
ਫੇਰ ਸੁਣਕੇ ਕੋਈ ਨਵੀਂ ਕਵਿਤਾ
ਮੋਢੇ ਲੱਗ ਜਾਣ ਦਾ
ਤੰਗ ਕਰਦਾ ਹੋਵੇਗਾ ਖਿਆਲ
..ਤੇ ਫੇਰ ਲਾ ਦਿੱਤਾ ਹੋਵੇਗਾ
ਮੇਰੇ ਮੱਥੇ ਬੇਵਫ਼ਾਈ ਦਾ ਠੱਪਾ
ਪਤਾ ਨਹੀਂ ਕਿਉਂ
ਅਨਜਾਣ ਬਣੀਂ ਬੈਠੀ ਹੈ ਤੂੰ
ਕਿਉਂ ਹੈ ਏਨੀ ਬੇਖ਼ਬਰ
ਫਿਜ਼ਾ ‘ਚ ਗੂੰਜਦੇ
ਰੋਹ ਭਰੇ ਬੋਲਾਂ ਤੋਂ
ਚੌਹਾਂ ਕੂੰਟਾਂ ਤੋਂ ਤੁਰੀਆਂ
ਜੰਗਜੂ ਵਹੀਰਾਂ ਤੋਂ
ਇਹ ਵਹੀਰਾਂ ਜੋ ਤੁਰੀਆਂ ਹਨ
ਤੇਰੇ ਪੈਰਾਂ ਹੇਠਲੇ
ਵੱਟਾਂ-ਬੰਨਿਆਂ ਦੀ ਰਾਖੀ ਲਈ
ਜ਼ਰਖੇਜ਼ ਬਣਾਉਣ
ਤੇਰੀ ਮੁਹੱਬਤ ਦੀ ਜ਼ਮੀਨ ਨੂੰ
ਸਿਰਫਿਰੇ ਜਾਪਦੇ ਇਹ ਲੋਕ
ਦਰਅਸਲ
ਸਿਰਫੇਰਨ ਲਈ ਤੁਰੇ ਹਨ
ਉਸ ਭਗਵੇਂ ਔਰੰਗਜ਼ੇਬ ਦਾ
ਜੋ ਖੋਹਣਾ ਚਾਹੁੰਦੈ ਮੇਰੇ ਸਿਆੜ
ਤੈਨੂੰ ਖ਼ਬਰ ਈ ਨਹੀਂ
ਬਦਲ ਗਏ ਹਨ
ਅੱਜ-ਕੱਲ੍ਹ
ਮੁਹੱਬਤ ਦੇ ਮਾਇਨੇ
ਮੁਹੱਬਤ ਦਾ ਅਰਥ
ਹੁਣ ਨਹੀਂ ਰਹਿ ਗਿਆ
ਵੱਟਾਂ-ਬੰਨੇ ਖੜੋ
ਗੱਲਾਂ ਕਰਨਾ ਪਿਆਰ ਦੀਆਂ
ਮੁਹੱਬਤ ਦੇ ਮਾਇਨੇ ਹੁਣ
ਹੋ ਗਿਐ ਸਿੰਘੂ-ਕੁੰਡਲ਼ੀ ਬਾਰਡਰ …
ਜਿੱਥੇ ਦਿਨ-ਰਾਤ ਲਗਦੈ
ਚਾਂਦਨੀ ਚੌਕ ਦੇ ਵਾਰਿਸ
ਸਿਰਲੱਥਾਂ ਦਾ ਪਹਿਰਾ
ਜਿਨ੍ਹਾਂ ਨੱਪਣਾ ਹੈ
ਦਿੱਲੀ ‘ਚੋਂ ਉੱਠਦਾ ਟਿੱਡੀ-ਦੱਲ !
ਜੇ ਮੁਹੱਬਤ ਮਾਨਣੀ ਹੈ
ਤੂੰ ਵੀ ਆ ਸਿੰਘੂ-ਕੁੰਡਲ਼ੀ
ਪਕਾ ਕੇ ਵਰਤਾ ਲੰਗਰ
ਆਪਣੀ ਮੁਹੱਬਤ ਦੀ ਜ਼ਮੀਨ
ਦੇ ਰਾਖਿਆਂ ਨੂੰ
ਫੇਰ ਤੈਨੂੰ ਵੀ ਆ ਜਾਵੇਗੀ ਸਮਝ
ਕੀ ਹੁੰਦੀ ਹੈ ਮੁਹੱਬਤ
ਜਿਸ ਖ਼ਾਤਰ ਗਾਇਬ ਹੋ ਜਾਂਦੈ
ਤੇਰਾ ਸ਼ੈਦਾਈ !
ਇੰਦਰਜੀਤ ਚੁਗਾਵਾਂ