ਮੁਹੱਬਤ

(ਸਮਾਜ ਵੀਕਲੀ)

ਮੁਹੱਬਤ ਵੀ ਅਜੀਬ ਹੈ।ਜਦੋਂ ਹੋ ਜਾਂਦੀ ਹੈ ਤਾਂ ਬਸ ਹੋ ਜਾਂਦੀ ਹੈ।ਵਜ੍ਹਾ ਕੁਝ ਸਮਝ ਨਹੀਂ ਆਉਂਦੀ।ਚਿੱਤ ਆਪਣੇ ਆਪ ਨੂੰ ਕਈ ਵਾਰ ਵਰਜਦਾ ਹੈ।ਮੁਹੱਬਤ ਨਾ ਕਰਨ ਲਈ ਸਮਝਾਉਂਦਾ ਹੈ।ਬਾਰ ਬਾਰ ਚਿਤਾਰਦਾ ਹੈ।ਮਨ ਕਈ ਬਹਾਨੇ ਬਣਾਉਂਦਾ ਹੈ।ਕਦੀ ਪਿਆਰੇ ਨਾਲ ਲੜਨ ਦਾ ਕੋਈ ਬਹਾਨਾ ਲੱਭਦਾ ਹੈ ਅਤੇ ਕਦੇ ਆਪਣੇ ਹੀ ਅੰਦਰ ਕੋਈ ਬੁਣਤੀ ਬੁਣ ਲੈਂਦਾ ਹੈ।ਪਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਪਿਆਰੇ ਦੇ ਦੋ ਬੋਲ ਕੰਨੀਂ ਪੈਂਦਿਆਂ ਹੀ ਸਭ ਕੁਝ ਭੁੱਲ ਜਾਂਦਾ ਹੈ।ਪਤਾ ਨਹੀਂ ਕਿਉਂ ਉਸ ਦੀ ਆਵਾਜ਼ ਕੰਨਾਂ ਵਿਚ ਮਿੱਠਾ ਜਿਹਾ ਰਸ ਘੋਲਦੀ ਹੈ।ਉਸ ਦੀ ਆਵਾਜ਼ ਸੁਣਨ ਲਈ ਹਰ ਵੇਲੇ ਇੰਤਜ਼ਾਰ ਰਹਿੰਦਾ ਹੈ।

ਆਪਣੇ ਫੋਨ ਤੇ ਔਨਲਾਈਨ ਬੈਠਿਆ ਵੀ ਇੰਜ ਲੱਗਦਾ ਹੈ ਜਿਵੇਂ ਸਾਡੇ ਵੱਲ ਵੇਖ ਰਿਹਾ ਹੋਵੇ।ਸੱਚੀ ਮੁਹੱਬਤ ਵਿੱਚ ਬੰਦਾ ਸ਼ੈਦਾਈ ਹੋ ਜਾਂਦਾ ਹੈ।ਜਿਨ੍ਹਾਂ ਗੱਲਾਂ ਤੇ ਉਹ ਹੱਸਦਾ ਰਿਹਾ ਹੈ ਉਹ ਸਭ ਆਪ ਕਰਨ ਲੱਗ ਜਾਂਦਾ ਹੈ।ਭੇਜੇ ਇਸ ਸੰਦੇਸ਼ ਦੇ ਦੋ ਠੀਕੇ ਨੀਲੇ ਹੋਣ ਦਾ ਇੰਤਜ਼ਾਰ ਉਮਰਾਂ ਦਾ ਇੰਤਜ਼ਾਰ ਬਣ ਜਾਂਦਾ ਹੈ।ਉਨ੍ਹਾਂ ਦੇ ਨੀਲੇ ਹੁੰਦਿਆਂ ਹੀ ਇੰਜ ਲੱਗਦਾ ਹੈ ਜਿਵੇਂ ਸਭ ਕੁਝ ਮਿਲ ਗਿਆ ਹੋਵੇ।ਟਾਈਪਿੰਗ ਸ਼ਬਦ ਦੇਖ ਕੇ ਤਾਂ ਖ਼ੁਸ਼ੀਆਂ ਸੰਭਾਲੀਆਂ ਨਹੀਂ ਜਾਂਦੀਆਂ।ਜੀ ਹਾਂ ਇਹ ਅੱਜ ਦੇ ਯੁੱਗ ਦੀ ਮੁਹੱਬਤ ਹੈ।ਜਿਹੋ ਜਿਹਾ ਜ਼ਮਾਨਾ ਉਹੋ ਜਿਹਾ ਵਿਹਾਰ।ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਮੁਹੱਬਤ ਵਿੱਚ ਪਹਿਲਾਂ ਵਾਲੀ ਗੱਲ ਨਹੀਂ।

ਜਿੱਥੇ ਸੰਚਾਰ ਸਾਧਨਾਂ ਨੇ ਨਜ਼ਦੀਕੀ ਲਿਆਂਦੀ ਹੈ ਉੱਥੇ ਕੰਮਾਕਾਰਾਂ ਨੇ ਦੂਰੀ ਵੀ ਬਹੁਤ ਪੈਦਾ ਕੀਤੀ ਹੈ।ਦੇਸ ਪ੍ਰਦੇਸ ਵਿੱਚ ਦੂਰ ਦੁਰਾਡੇ ਬੈਠੇ ਆਪਣੇ ਪਿਆਰੇ ਦਾ ਇੰਤਜ਼ਾਰ ਬੜਾ ਔਖਾ ਹੁੰਦਾ ਹੈ।ਕਈ ਵਾਰ ਵੇਖਣ ਨੂੰ ਅੱਖਾਂ ਤਰਸ ਜਾਂਦੀਆਂ ਹਨ।ਕੰਮ ਧੰਦੇ ਲਈ ਦੂਰ ਦੁਰਾਡੇ ਜਾਂਦੇ ਆਪਣੇ ਮਹਿਬੂਬ ਨੂੰ ਰੋਕਣਾ ਨਾਮੁਮਕਿਨ ਹੁੰਦਾ ਹੈ।ਪਰ ਫੇਰ ਵੀ ਦਿਲ ਕਰਦਾ ਹੈ ਤਾਂ ਫੜ ਕੇ ਰੋਕ ਲਓ।ਫਾਸਲੇ ਇੱਦਾਂ ਦੀ ਵੀ ਹੋਣਗੇ ਕਦੀ ਸੋਚਿਆ ਨਹੀਂ ਸੀ।ਪਰਦੇਸਾਂ ਦਾ ਤਾਂ ਹੋਰ ਵੀ ਬੁਰਾ ਹਾਲ ਹੈ।

ਦਿਨ ਰਾਤ ਦੇ ਫ਼ਰਕ ਨੇ ਆਪਸ ਵਿੱਚ ਗੱਲਬਾਤ ਕਰਨੀ ਵੀ ਔਖੀ ਕਰ ਦਿੱਤੀ ਹੈ।ਉਸ ਦੇ ਉੱਤੋਂ ਕੰਮਾਂਕਾਰਾਂ ਦੀ ਮਜਬੂਰੀ।ਜਿੱਥੇ ਪੈਸੇ ਨੇ ਬਹੁਤ ਕੁਝ ਦਿੱਤਾ ਹੈ ਉੱਥੇ ਬਹੁਤ ਕੁਝ ਖੋਹ ਲਿਆ ਹੈ ।ਤਾਰਿਆਂ ਦੀ ਛਾਂਵੇਂ ਹੱਥ ਫੜ ਕੀਤੀਆਂ ਮਿੱਠੀਆਂ ਮਿੱਠੀਆਂ ਗੱਲਾਂ ਦਾ ਮੁੱਲ ਡਾਲਰ ਨਹੀਂ ਪਾ ਸਕਦੇ। ਕਿੰਨੀਆਂ ਹੀ ਰੂਹਾਂ ਵਿਲਕਦੀਆਂ ਹਨ ਆਪਣੇ ਪਿਆਰੇ ਦੇ ਸਾਥ ਨੂੰ। ਜਿਸ ਹਿੱਕ ਤੇ ਸਿਰ ਰੱਖ ਕੇ ਦੁਨੀਆਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,ਉਸ ਦੀ ਛੋਹ ਨੂੰ ਤਰਸ ਜਾਂਦਾ ਹੈ ਮੋਹ ਭਿੱਜਿਆ ਮਨ।ਇਹ ਸੱਚ ਹੈ ਕਿ ਮੁਹੱਬਤ ਵਿੱਚ ਦੂਰੀਆਂ ਨਹੀਂ ਹੁੰਦੀਆਂ ਕਿਉਂਕਿ ਦਿਲ ਤਾਂ ਹਮੇਸ਼ਾ ਦਿਲ ਦੇ ਕੋਲ ਹੁੰਦਾ ਹੈ।

ਪਰ ਤਪਦੀਆਂ ਧੁੱਪਾਂ ,ਠੰਢੀਆਂ ਸ਼ੀਤ ਹਵਾਵਾਂ,ਰੁਮਕਦੀਆਂ ਪੌਣਾਂ ਅਤੇ ਜਿਮ ਝਿਮ ਵਰ੍ਹਦੇ ਮੀਂਹ ਨੂੰ ਇਕੱਲਾ ਜੀਅ ਔਖਾ ਹੀ ਸਹਿਣ ਕਰਦਾ ਹੈ।ਮੁਹੱਬਤ ਵਿੱਚ ਜ਼ਿੰਦਗੀ ਰੰਗੀਨ ਹੋ ਜਾਂਦੀ ਹੈ ਤੇ ਵਿਛੋੜਾ ਇਸ ਦੇ ਸਾਰੇ ਰੰਗ ਲੈ ਜਾਂਦਾ ਹੈ।ਪਰਦੇਸੀ ਮਾਹੀ ਤੋਂ ਬਿਨਾਂ ਨਾ ਮਨ ਖੁਸ਼ ਰਹਿੰਦਾ ਹੈ ਨਾ ਤਨ।ਜ਼ਰੂਰਤਾਂ ਸਭ ਦੀਆਂ ਹੁੰਦੀਆਂ ਹਨ ਮਨ ਦੀਆਂ ਵੀ ਤੇ ਸਰੀਰ ਦੀਆਂ ਦੀ।ਜੋ ਵਿਛੋੜੇ ਦੀ ਪੀੜ ਹੰਢਾਉਂਦੇ ਹਨ ਉਹੀ ਜਾਣਦੇ ਹਨ ਕਿ ਸਮਾਂ ਕਿਵੇਂ ਬੀਤਦਾ ਹੈ।ਸ਼ਾਲਾ ਹਰ ਕਿਸੇ ਦਾ ਮਹਿਬੂਬ ਉਸ ਦੇ ਕੋਲ ਰਹੇ।ਦਿਲ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਪਹੁੰਚ ਗਈ।ਕਹਿੰਦਿਆਂ ਕਹਿੰਦਿਆਂ ਪਤਾ ਹੀ ਨਹੀਂ ਲੱਗਾ।ਬਸ ਇਹੀ ਤਾਂ ਮੁਹੱਬਤ ਹੈ ਜਿੱਥੇ ਕੁਝ ਪਤਾ ਹੀ ਨਹੀਂ ਲੱਗਦਾ।
ਰੱਬ ਰਾਖਾ

ਹਰਪ੍ਰੀਤ ਕੌਰ ਸੰਧੂ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਲੂਣਾ
Next articleਨੌਜਵਾਨ ਪੀੜੀ ਕਿੱਧਰ ਨੂੰ?