ਮੁਹਾਲੀ ਦੇ ਵਿਕਾਸ ਲਈ 251.66 ਕਰੋੜ ਦਾ ਬਜਟ ਪਾਸ

ਮੁਹਾਲੀ ਨਗਰ ਨਿਗਮ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 251.66 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਹੈ। ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਹ ਆਖ਼ਰੀ ਬਜਟ ਮੀਟਿੰਗ ਸੀ ਕਿਉਂਕਿ ਮੁਹਾਲੀ ਨਿਗਮ ਦਾ ਕਾਰਜਕਾਲ 26 ਫਰਵਰੀ ਨੂੰ ਪੂਰਾ ਹੋਣ ਵਾਲਾ ਹੈ। ਮੌਜੂਦਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 27 ਅਪਰੈਲ 2015 ਨੂੰ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਨਿਗਮ ਦੀ ਮਿਆਦ 27 ਅਪਰੈਲ ਤੱਕ ਹੈ। ਮੀਟਿੰਗ ਦੌਰਾਨ ਅਕਾਲੀ-ਭਾਜਪਾ ਅਤੇ ਕਾਂਗਰਸੀ ਕੌਂਸਲਰ ਮੇਹਣੋ-ਮੇਹਣੀ ਹੋਏ। ਹਾਲਾਂਕਿ ਕੁਲਜੀਤ ਸਿੰਘ ਬੇਦੀ ਦੀ ਗੱਲ ਨੂੰ ਅਣਗੌਲਿਆਂ ਕਰਨ ’ਤੇ ਕਾਂਗਰਸੀ ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੀਡੀਆ ਅੱਗੇ ਆਪਣੇ ਪੱਖ ਰੱਖਣ ਤੋਂ ਤੁਰੰਤ ਬਾਅਦ ਮੁੜ ਆਪਣੀਆਂ ਸੀਟਾਂ ’ਤੇ ਆ ਕੇ ਬੈਠ ਗਏ।
ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਕੌਂਸਲਰਾਂ ਕੁਲਜੀਤ ਸਿੰਘ ਬੇਦੀ ਅਤੇ ਬੀ.ਬੀ. ਮੈਣੀ ਨੇ ਬਜਟ ਦੀ ਆਮਦਨ ਵਿੱਚ ਗਮਾਡਾ ਤੋਂ 100 ਕਰੋੜ ਆਉਣ ਅਤੇ ਬਿਜਲੀ ਦੀ ਚੁੰਗੀ ਦੇ ਸਾਢੇ ਸੱਤ ਕਰੋੜ ਰੁਪਏ ਆਉਣ ਦੀ ਮਦ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਰਾਸ਼ੀ ਪਿਛਲੇ ਸਮੇਂ ਵਿੱਚ ਨਹੀਂ ਆਈ ਹੈ ਅਤੇ ਹੁਣ ਕੀ ਗਰੰਟੀ ਹੈ ਕਿ ਇਹ ਰਕਮ ਅਗਲੇ ਵਿੱਤੀ ਸਾਲ ਵਿੱਚ ਜ਼ਰੂਰ ਮਿਲ ਜਾਵੇਗੀ। ਸ੍ਰੀ ਬੇਦੀ ਨੇ ਕਿਹਾ ਕਿ ਜੇ ਗਮਾਡਾ ਅਤੇ ਚੁੰਗੀ ਤੋਂ ਆਉਣ ਵਾਲੀ ਰਾਸ਼ੀ ਨੂੰ ਕੱਢ ਦਿੱਤਾ ਜਾਵੇ ਤਾਂ ਜਿਹੜੀ ਆਮਦਨ ਬਚਦੀ ਹੈ ਉਸ ਨਾਲ ਵੀ ਖਰਚੇ ਪੂਰੇ ਨਹੀਂ ਕੀਤੇ ਜਾ ਸਕਦੇ। ਇਸ ਸਬੰਧੀ ਅਕਾਲੀ ਕੌਂਸਲਰਾਂ ਪਰਵਿੰਦਰ ਸਿੰਘ ਬੈਦਵਾਨ, ਕੁਲਦੀਪ ਕੌਰ ਕੰਗ, ਆਰਪੀ ਸ਼ਰਮਾ, ਪਰਮਜੀਤ ਸਿੰਘ ਕਾਹਲੋਂ ਅਤੇ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਹੁਣ ਬਜਟ ਪਾਸ ਕਰ ਦਿੱਤਾ ਗਿਆ ਹੈ ਅਤੇ ਕਾਂਗਰਸੀ ਕੌਂਸਲਰ ਬਿਨਾਂ ਵਜ੍ਹਾ ਗੱਲ ਵਧਾ ਰਹੇ ਹਨ।
ਉਧਰ, ਅਕਾਲੀ-ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੂੰ ਘੇਰਦਿਆਂ ਸਿਆਸੀ ਦਬਾਅ ਕਾਰਨ ਸ਼ਹਿਰ ਦੇ ਵਿਕਾਸ ਅਤੇ ਓਪਨ ਜਿਮਾਂ ਦੇ 200 ਟੈਂਡਰ ਨਾ ਖੋਲ੍ਹੇ ਜਾਣ ਦਾ ਦੋਸ਼ ਲਾਇਆ। ਇਸ ਸਬੰਧੀ ਕਮਿਸ਼ਨਰ ਨੇ ਪੱਖ ਰੱਖਦਿਆਂ ਕਿਹਾ ਕਿ ਨਗਰ ਨਿਗਮ ਕੋਲ ਇਸ ਸਮੇਂ ਲੋੜੀਂਦੇ ਫੰਡ ਨਹੀਂ ਹਨ ਜਿਸ ਕਾਰਨ ਟੈਂਡਰ ਰੋਕੇ ਗਏ ਹਨ। ਫੰਡ ਉਪਲਬਧ ਹੋਣ ’ਤੇ ਸਾਰੇ ਕੰਮਾਂ ਦੇ ਟੈਂਡਰ ਖੋਲ੍ਹੇ ਜਾਣਗੇ। ਇਹ ਗੱਲ ਸੁਣ ਕੇ ਅਕਾਲੀ ਕੌਂਸਲਰਾਂ ਨੇ ਇਕਸੁਰ ਵਿੱਚ ਕਿਹਾ ਕਿ ਜੇਕਰ ਫੰਡ ਨਹੀਂ ਸਨ ਤਾਂ ਫਿਰ ਟੈਂਡਰ ਕਾਲ ਕਰਨ ਦੀ ਕੀ ਲੋੜ ਸੀ। ਇਸ ਦੇ ਜਵਾਬ ਵਿੱਚ ਕਮਿਸ਼ਨਰ ਦਾ ਕਹਿਣਾ ਸੀ ਕਿ ਇਹ ਤਾਂ ਉਨ੍ਹਾਂ ਨੇ ਮਤਾ ਪਾਸ ਕਰਨ ਲੱਗਿਆਂ ਦੇਖਣਾ ਸੀ। ਇਸ ਮੌਕੇ ਮੇਅਰ ਨੇ ਸਪੱਸ਼ਟ ਕੀਤਾ ਕਿ ਨਿਗਮ ਕੋਲ ਫੰਡਾਂ ਦੀ ਘਾਟ ਨਹੀਂ ਹੈ। ਵਿਕਾਸ ਕੰਮਾਂ ਦੇ ਟੈਂਡਰ ਸਿਆਸੀ ਦਬਾਅ ਕਾਰਨ ਨਹੀਂ ਖੋਲ੍ਹੇ ਜਾ ਰਹੇ ਹਨ। ਅਕਾਲੀ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਪਾਰਕਾਂ ਦਾ ਲੈਵਲ ਸਹੀ ਨਾ ਹੋਣ ਦਾ ਮੁੱਦਾ ਚੁੱਕਿਆ। ਮੇਅਰ ਧੜੇ ਦੇ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਪਿੰਡਾਂ ਲਈ ਵੱਖਰੇ ਬਾਈਲਾਜ਼ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਲਈ ਨਕਸ਼ਾ ਫੀਸ ਮੁਆਫ਼ ਕੀਤੀ ਜਾਵੇ। ਮੀਟਿੰਗ ਵਿੱਚ ਮੇਅਰ ਦੀ ਅਪੀਲ ’ਤੇ ਨਗਰ ਨਿਗਮ ਦੇ ਸੁਪਰਡੈਂਟ (ਅਮਲਾ) ਭੀਨ ਸੈਨ, ਸੁਪਰਡੈਂਟ (ਤਹਿਬਾਜ਼ਾਰੀ) ਜਸਵਿੰਦਰ ਸਿੰਘ ਅਤੇ ਨਿੱਜੀ ਸਹਾਇਕ ਸਤਵਿੰਦਰ ਕੌਰ ਸੈਵੀ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਪ੍ਰਸੰਸਾ ਪੱਤਰ ਦੇਣ ਦਾ ਮਤਾ ਪਾਸ ਕੀਤਾ ਗਿਆ।
ਇਸੇ ਦੌਰਾਨ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸੁਖਦੇਵ ਸਿੰਘ ਪਟਵਾਰੀ ਨੇ ਮੁਹਾਲੀ ਵਿੱਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਸਰਗਰਮੀਆਂ ਨੂੰ ਵਧਾਉਣ ’ਤੇ ਜ਼ੋਰ ਦਿੰਦਿਆਂ ਮੰਗ ਕੀਤੀ ਕਿ ਪਿਛਲੀ ਮੀਟਿੰਗ ਵਿੱਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਰੱਖੇ 5 ਲੱਖ ਰੁਪਏ ਖ਼ਰਚ ਕੀਤੇ ਜਾਣ।

Previous articleਅਕਾਲੀ ਦਲ ਵੱਲੋਂ ਭੋਗਪੁਰ ਖੰਡ ਮਿੱਲ ਦੇ ਘਿਰਾਓ ਦਾ ਐਲਾਨ
Next articleਬੱਸ ਦੀ ਫੇਟ ਨਾਲ ਮੋਟਰਸਾਈਕਲ ਚਾਲਕ ਦੀ ਮੌਤ,ਧੀ ਜ਼ਖ਼ਮੀ