ਮੁਹਾਲੀ ਸ਼ਹਿਰ ਨੂੰ ਨਾਜਾਇਜ਼ ਰੇਹੜੀਆਂ-ਫੜ੍ਹੀਆਂ ਤੋਂ ਮੁਕਤ ਬਣਾਉਣ ਲਈ ਨਗਰ ਨਿਗਮ ਵੱਲੋਂ ਮਾਰਕੀਟਾਂ ਦੇ ਪਿੱਛੇ ਵੈਂਡਿੰਗ ਜ਼ੋਨ ਬਣਾਉਣ ਦਾ ਪ੍ਰਾਜੈਕਟ ਫਿਲਹਾਲ ਲਮਕ ਗਿਆ ਹੈ। ਨਿਗਮ ਕਮਿਸ਼ਨਰ ਕਮਲ ਗਰਗ ਦੀ ਪ੍ਰਧਾਨਗੀ ਹੇਠ ਅੱਜ ਹੋਈ ਟਾਊਨ ਵੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਦੁਕਾਨਦਾਰਾਂ ਅਤੇ ਕੌਂਸਲਰਾਂ ਵੱਲੋਂ ਇਤਰਾਜ਼ ਪ੍ਰਗਟਾਉਣ ਕਾਰਨ ਪਾਇਲਟ ਪ੍ਰਾਜੈਕਟ ਵਜੋਂ ਇੱਥੋਂ ਦੇ ਫੇਜ਼-7 ਦੀ ਮਾਰਕੀਟ ਦੇ ਪਿੱਛੇ ਰੇਹੜੀ-ਫੜੀਆਂ ਵਾਲਿਆਂ ਨੂੰ ਢੁਕਵੀਂ ਥਾਂ ਦੇਣ ਲਈ ਬਣਾਏ ਜਾ ਰਹੇ ਵੈਂਡਿੰਗ ਜੋਨ ਦਾ ਫੈਸਲਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਟਾਊਨ ਵੈਂਡਿੰਗ ਕਮੇਟੀ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੇ ਅਗਲੇ ਹਿੱਸੇ ਵਿੱਚ ਰੇਹੜੀ-ਫੜ੍ਹੀਆਂ ਲਗਾਉਣ ਵਾਲਿਆਂ ਨੂੰ ਢੁਕਵੀਂ ਥਾਂ ਦੇਣ ਲਈ ਵੈਂਡਿੰਗ ਜ਼ੋਨ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਸਬੰਧੀ ਟਾਊਨ ਵੈਂਡਿੰਗ ਕਮੇਟੀ ਦੇ ਮੈਂਬਰ ਕੌਂਸਲਰਾਂ ਅਤੇ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਨੇ ਫੇਜ਼-7 ਦੀ ਮਾਰਕੀਟ ਦਾ ਦੌਰਾ ਕਰਕੇ ਮਾਰਕੀਟ ਦੇ ਪਿੱਛੇ ਵੈਂਡਿੰਗ ਜ਼ੋਨ ਬਣਾਉਣ ਸਬੰਧੀ ਸਰਵੇ ਕੀਤਾ ਸੀ।
ਟਾਊਨ ਵੈਂਡਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਸੇਂਟ ਸੋਲਜਰ ਕਾਨਵੈਂਟ ਸਕੂਲ ਦੇ ਸਾਹਮਣੇ ਅਤੇ ਫੇਜ਼-7 ਵਿੱਚ ਸ਼ੋਅਰੂਮਾਂ ਦੇ ਪਿੱਛੇ ਪਾਰਕਿੰਗ ਵਾਲੀ ਥਾਂ ’ਤੇ ਤਿੰਨ ਵੈਂਡਿੰਗ ਸਾਈਟਾਂ ਬਣਾਉਣ ਸਬੰਧੀ ਚਰਚਾ ਕੀਤੀ ਗਈ ਅਤੇ ਇਸ ਥਾਂ ਨੂੰ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਗਮਾਡਾ ਤੋਂ ਮਨਜ਼ੂਰੀ ਲੈਣ ਲਈ ਕਿਹਾ ਗਿਆ। ਸਰਵੇ ਕਰਨ ਵਾਲੀ ਪ੍ਰਾਈਵੇਟ ਏਜੰਸੀ ਦੇ ਨੁਮਾਇੰਦੇ ਡਾ. ਪਰਵੀਨ ਕੁਮਾਰ ਨੇ ਦੱਸਿਆ ਕਿ ਫੇਜ਼-7 ਵਿੱਚ ਕੁਲ 135 ਰੇਹੜੀ ਫੜ੍ਹੀਆਂ ਲਈ ਥਾਂ ਦਿੱਤੀ ਜਾਣੀ ਹੈ। ਇਥੇ ਇਨ੍ਹਾਂ ਸਾਰਿਆਂ ਲਈ ਢੁਕਵੀਂ ਥਾਂ ਉਪਲਬਧ ਹੈ। ਇਸ ਸਬੰਧੀ ਬਣਾਇਆ ਲੇਆਉਟ ਪਲਾਨ ਵੀ ਮੈਂਬਰਾਂ ਨੂੰ ਦਿਖਾਇਆ ਗਿਆ ਜਿਸ ਦੇ ਤਹਿਤ ਇਕ ਦੁਕਾਨਦਾਰ ਨੂੰ 64 ਫੁੱਟ ਥਾਂ ਦਿੱਤੀ ਜਾਣੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਈ ਸ਼ੈੱਡ ਦਾ ਡਿਜ਼ਾਈਨ ਦਿੱਤਾ ਗਿਆ ਜਿਸ ਦੇ ਤਹਿਤ ਇਨ੍ਹਾਂ ਦੀ ਪਿੱਠ ਜੋੜ ਕੇ ਦੁਕਾਨਾਂ ਬਣਾਉਣ ਦੀ ਤਜਵੀਜ਼ ਹੈ।
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-7 ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਅਤੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਸਮੇਤ ਹੋਰਨਾਂ ਨੁਮਾਇੰਦਿਆਂ ਨੂੰ ਵੀ ਮੀਟਿੰਗ ਵਿੱਚ ਸੱਦਿਆ ਗਿਆ ਸੀ ਤਾਂ ਜੋ ਉਨ੍ਹਾਂ ਦੇ ਵਿਚਾਰ ਲੈ ਕੇ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਸ੍ਰੀ ਕਾਹਲੋਂ ਨੇ ਇਸ ਪ੍ਰਸਤਾਵ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਜਿਸ ਥਾਂ ’ਤੇ ਵੈਂਡਿੰਗ ਜ਼ੋਨ ਬਣਾਈ ਜਾਣੀ ਹੈ, ਉੱਥੇ ਨੇੜੇ ਦੋ ਵੱਡੇ ਸਕੂਲ ਹਨ ਅਤੇ ਇਸ ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਇਸ ਲਈ ਵੈਂਡਿੰਗ ਜ਼ੋਨ ਲਈ ਕੋਈ ਹੋਰ ਥਾਂ ਨਿਰਧਾਰਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਵਸਨੀਕ ਪਹਿਲਾਂ ਹੀ ਸੜਕ ’ਤੇ ਖੜ੍ਹਦੇ ਵਾਹਨਾਂ ਕਾਰਨ ਪ੍ਰੇਸ਼ਾਨ ਹਨ। ਜੇਕਰ ਇੱਥੇ ਵੈਂਡਿੰਗ ਜ਼ੋਨ ਬਣਾਈ ਗਈ ਤਾਂ ਲੋਕਾਂ ਦਾ ਲਾਂਘਾ ਵੀ ਔਖਾ ਹੋ ਜਾਵੇਗਾ।
ਇਸੇ ਦੌਰਹਾਨ ਸਰਬਜੀਤ ਪਾਰਸ ਨੇ ਵੀ ਮਾਰਕੀਟ ਦੇ ਪਿੱਛੇ ਵੈਂਡਿੰਗ ਜ਼ੋਨ ਬਣਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਰੇਹੜੀ-ਫੜੀਆਂ ਲਈ ਕੋਈ ਹੋਰ ਥਾਂ ਲੱਭੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਗਮਾਡਾ ਤੋਂ ਢੁਕਵੀਂ ਸਾਈਟ ਮੰਗੀ ਜਾਵੇ। ਉਨ੍ਹਾਂ ਸਲਾਹ ਦਿੱਤੀ ਕਿ ਥਾਣਾ ਮਟੌਰ ਦੇ ਨਾਲ ਖਾਲੀ ਥਾਂ ਵਿੱਚ ਵੈਂਡਿੰਗ ਜ਼ੋਨ ਬਣਾਈ ਜਾ ਸਕਦੀ ਹੈ।
ਮੀਟਿੰਗ ਵਿੱਚ ਕੌਂਸਲਰ ਕੁਲਜੀਤ ਸਿੰਘ ਬੇਦੀ ਤੇ ਆਰਪੀ ਸ਼ਰਮਾ, ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਸਮਾਜ ਸੇਵੀ ਅਤੁਲ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਸਮੇਤ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।
INDIA ਮੁਹਾਲੀ ’ਚ ਵੈਂਡਿੰਗ ਜ਼ੋਨ ਪ੍ਰਾਜੈਕਟ ਲਟਕਿਆ