ਅੰਮ੍ਰਿਤਸਰ, (ਸਮਾਜਵੀਕਲੀ) : ਸਿੱਖ ਮੁਸਲਿਮ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦਿਆਂ ਮਾਲੇਰਕੋਟਲੇ ਦੇ ਮੁਸਲਮਾਨ ਭਾਈਚਾਰੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਲਈ 330 ਕੁਇੰਟਲ ਕਣਕ ਭੇਟ ਕਰਕੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ।
‘ਸਿੱਖ ਮੁਸਲਿਮ ਸਾਂਝਾਂ’ ਦੇ ਮੁਖੀ ਡਾ. ਨਸੀਰ ਅਖ਼ਤਰ ਦੀ ਅਗਵਾਈ ਵਿਚ ਪੁੱਜੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲੰਗਰ ਵੀ ਛਕਿਆ। ਕਣਕ ਭੇਟ ਕਰਨ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਤੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਉਨ੍ਹਾਂ ਦਾ ਸਨਮਾਨਤ ਕੀਤਾ।
ਡਾ. ਨਸੀਰ ਅਖ਼ਤਰ ਨੇ ਆਖਿਆ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੈ। ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਵਰਤਮਾਨ ਸਮੇਂ ਦੀ ਹੋਰ ਵੀ ਵੱਡੀ ਲੋੜ ਹੈ। ਉਨ੍ਹਾਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਮਹਾਨਤਾ ਨੂੰ ਵਡਿਆਉਂਦਿਆਂ ਕਿਹਾ ਕਿ ਇਥੇ ਭੇਦਭਾਵ ਤੋਂ ਬਗੈਰ ਹਰ ਵਰਗ ਦੇ ਲੋਕਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ।
ਇਹ ਗੁਰੂ ਘਰ ਦੀ ਵਡਿਆਈ ਹੈ। ਉਨ੍ਹਾਂ ਦੱਸਿਆ ਕਿ ਇਹ ਕਣਕ ਮਾਲੇਰਕੋਟਲੇ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਰਲ-ਮਿਲ ਕੇ ਇਕੱਠੀ ਕੀਤੀ ਗਈ ਹੈ। ਇਸ ਦੌਰਾਨ ਅਜਾਇਬ ਸਿੰਘ ਅਭਿਆਸੀ ਨੇ ਮਾਲੇਰਕੋਟਲੇ ਤੋਂ ਪੁੱਜੇ ਮੁਸਲਿਮ ਭਾਈਚਾਰੇ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਅਨਵਰ ਖਾਨ, ਸ਼ਬੀਰ ਖਾਨ, ਮੁਹੰਮਦ ਇਰਫਾਨ, ਮੁਹੰਮਦ ਲਿਆਕਤ, ਮੁਹੰਮਦ ਅਖਤਰ, ਸਾਦਕ ਅਲੀ, ਮੁਹੰਮਦ ਹਨੀਫ ਆਦਿ ਮੌਜੂਦ ਸਨ।