ਹਾਹਾਕਾਰ ਚੁਫ਼ੇਰੇ ਮੱਚ ਗਈ, ਖੰਭ ਲਾ ਰੌਣਕ ਕਿਧਰੇ ਨੱਸ ਗਈ
ਜਿਧਰ ਦੇਖਾਂ ਦਿਸਦੀਆਂ ਰੱਬਾ, ਦੁੱਖ ਗਮਾਂ ਦੀ ਝੜੀਆਂ
ਮਾਲਕਾ ਮੇਹਰ ਕਰੀਂ, ਇਹ ਮੁਸ਼ਕਿਲ ਦੀਆਂ ਘੜੀਆਂ
ਮਹਾਂਮਾਰੀ ਦਾ ਰੂਪ ਧਾਰ ਗਿਆ ਵਾਇਰਸ ਇਹੋ ਕਰੋਨਾ
ਕੁੱਲ ਦੁਨੀਆਂ ਵਿਚ ਫੈਲਕੇ ਇਸ ਨੇ ਮੱਲਿਆ ਕੋਨਾ ਕੋਨਾ
ਕਹਿੰਦੀਆਂ ਅਤੇ ਕਹਾਉਂਦੀਆਂ ਤਾਕਤਾਂ, ਇਸਦੇ ਹੜ ਵਿਚ ਹੜੀਆਂ
ਮਾਲਕਾ ਮੇਹਰ ਕਰੀਂ . . . . . . .
ਤੂੰ ਏ ਜੱਗ ਦਾ ਪਾਲਣਹਾਰਾ ਬਖਸ਼ ਗੁਨਾਹ ਦੇ ਸਾਰੇ
ਕੁੱਲ ਦੀਆਂ ਦੇ ਸਾਇੰਸਦਾਨ ਵੀ ਇਸਦੇ ਮੁਹਰੇ ਹਾਰੇ
ਕੁੱਲ ਆਲਮ ਦੀਆਂ ਇਹ ਚੰਦਰਾ, ਕਰਵਾ ਗਿਆ ਬਾਹਾਂ ਖੜੀਆਂ
ਮਾਲਕਾ ਮੇਹਰ ਕਰੀਂ . . . . . . .
ਚੁੱਪ ਪਸਰ ਗਈ ਚਾਰ ਚੁਫੇਰੇ ਨਾ ਕੋਈ ਆਉਂਦਾ ਜਾਂਦਾ
ਹਰ ਬੰਦਾ ਇਸ ਦੁੱਖ ਦੀ ਘੜੀ ‘ਚ ਰੱਬ ਦਾ ਨਾਮ ਧਿਆਂਦਾ
ਵਾਹ ਪੇਸ਼ ਨਾ ਚੱਲਦੀ ਕੋਈ, ਲੱਗ ਗਈਆਂ ਹੱਥ ਕੜੀਆਂ
ਮਾਲਕਾ ਮੇਹਰ ਕਰੀਂ . . . . . . .
ਰਹਿਮ ਲਈ ਅਰਦਾਸ ਕਰੇ ਦਰ ‘ਚੁੰਬਰ’ ਤੇਰੇ ਸਾਈਆਂ
ਬਖਸ਼ੋ ਜੀ ਤੁਸੀ ਬਖ਼ਸ਼ੋ ਦਾਤਾ ਹੋਈਆਂ ਬਹੁਤ ਤਬਾਹੀਆਂ
ਬੁਰੇ ਵਕਤ ਦੀਆਂ ਕਿਸੇ ਕੋਲੋਂ ਨਹੀਂ, ਜਾਂਦੀਆਂ ਨਬਜਾਂ ਫੜੀਆਂ
ਮਾਲਕਾ ਮੇਹਰ ਕਰੀਂ . . . . . . .