ਬਕਾਇਆ ਤਨਖ਼ਾਹ ਮੰਗਣ ਕਾਰਨ ਛੱਡਿਆ ਸੀ ਕੁੱਤਾ
ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਪੁਲੀਸ ਨੇ ਦੱਖਣੀ ਦਿੱਲੀ ਦੇ ਮਾਲਵੀਯ ਨਗਰ ਇਲਾਕੇ ਵਿੱਚ ਇਕ ਸਪਾ ਦੀ ਮਾਲਕਣ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਤਨਖਾਹ ਦੇ ਬਕਾਏ ਦੀ ਮੰਗ ਕਰਨ ਵਾਲੀ ਮੁਲਾਜ਼ਮ ’ਤੇ ਕੁੱਤਾ ਛੱਡਣ ਦਾ ਦੋਸ਼ ਹੈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਇਹ ਘਟਨਾ 11 ਜੂਨ ਨੂੰ ਵਾਪਰੀ ਸੀ, ਜਿਸ ਦੌਰਾਨ ਪੀੜਤਾ ਸਪਨਾ (39) ਜ਼ਖ਼ਮੀ ਹੋ ਗਈ। ਪੀੜਤਾ ਦੇ ਮੂੰਹ ਅਤੇ ਗਰਦਨ ‘ਤੇ ਘੱਟੋ ਘੱਟ 15 ਟਾਂਕੇ ਲਗਾਉਣੇ ਪਏ ਸਨ।
ਪੀੜਤਾ ਨੇ ਦੱਸਿਆ ਕਿ ਉਸ ਨੇ ਤਾਲਾਬੰਦੀ ਤੋਂ ਪਹਿਲਾਂ ਡੇਢ ਮਹੀਨੇ ਤੱਕ ਸਪਾ ਵਿੱਚ ਕੰਮ ਕੀਤਾ ਸੀ ਅਤੇ 22 ਮਾਰਚ ਨੂੰ ਨੌਕਰੀ ਛੱਡ ਦਿੱਤੀ। ਆਪਣੀ ਸ਼ਿਕਾਇਤ ਵਿੱਚ ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ 11 ਜੂਨ ਨੂੰ ਆਪਣੇ ਮਾਲਕ ਤੋਂ ਆਪਣੇ ਬਕਾਏ ਬਾਰੇ ਪੁੱਛਿਆ ਤਾਂ ਮਾਲਕਣ ਰਜਨੀ ਨੇ ਉਸ ਨੂੰ (ਸਪਨਾ) ਆਪਣੇ ਘਰ ਬੁਲਾਇਆ। ਐੱਫਆਈਆਰ ਅਨੁਸਾਰ ਪੀੜਤ ਲੜਕੀ ਆਪਣੇ ਬਕਾਏ ਲਈ ਰਜਨੀ ਦੇ ਘਰ ਗਈ ਜਿੱਥੇ ਰਜਨੀ ਨੇ ਉਸ ਨੂੰ ਮੁੜ ਕੰਮ ਕਰਨ ਅਤੇ ਫਿਰ ਪੈਸੇ ਲੈਣ ਲਈ ਆਖਿਆ।
ਹਾਲਾਂਕਿ ਜਦੋਂ ਪੀੜਤਾ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਰਜਨੀ ਨੇ ਉਸ ਨੂੰ ਧਮਕੀ ਦਿੱਤੀ ਅਤੇ ਆਪਣਾ ਕੁੱਤਾ ਸਪਨਾ ‘ਤੇ ਛੱਡ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਪੁਲੀਸ (ਦੱਖਣ) ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।