ਈਡੀ ਵਲੋਂ ਨੀਰਵ ਮੋਦੀ ਦੇ 329 ਕਰੋੜ ਦੇ ਅਸਾਸੇ ਜ਼ਬਤ

ਨਵੀਂ ਦਿੱਲੀ (ਸਮਾਜਵੀਕਲੀ): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਿਹਾ ਕਿ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਦੇ 329.66 ਕਰੋੜ ਰੁਪਏ ਦੇ ਅਸਾਸੇ ਜ਼ਬਤ ਕੀਤੇ ਗਏ ਹਨ। ਇਹ ਕਾਰਵਾਈ ਭਗੌੜੇ ਵਿੱਤੀ ਅਪਰਾਧੀਆਂ ਬਾਰੇ ਕਾਨੂੰਨ ਤਹਿਤ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਈਡੀ ਵਲੋਂ ਇਸ ਕਾਰੋਬਾਰੀ ਅਤੇ ਇਸ ਦੇ ਰਿਸ਼ਤੇਦਾਰ ਮੇਹੁਲ ਚੋਕਸੀ ਖ਼ਿਲਾਫ਼ ਮਨੀ ਲਾਂਡਰਿੰਗ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ’ਤੇ ਮੁੰਬਈ ਦੀ ਪੀਐੱਸਬੀ ਸ਼ਾਖ਼ਾ ਨਾਲ ਦੋ ਅਰਬ ਅਮਰੀਕੀ ਡਾਲਰ ਦੀ ਕਥਿਤ ਬੈਂਕ ਧੋਖਾਧੜੀ ਕਰਨ ਦੇ ਦੋਸ਼ ਹਨ। ਕੇਂਦਰੀ ਏਜੰਸੀ ਨੇ ਬਿਆਨ ਰਾਹੀਂ ਕਿਹਾ, ‘‘ਜ਼ਬਤ ਕੀਤੀਆਂ ਸੰਪਤੀਆਂ ਵਿੱਚ ਵਰਲੀ ਮੁੰਬਈ ਸਥਿਤ ਸਮੁੰਦਰ ਮਹਿਲ ਨਾਂ ਦੀ ਇਮਾਰਤ ਵਿੱਚ ਚਾਰ ਫਲੈਟ, ਅਲੀਬਾਗ ਵਿੱਚ ਫਾਰਮਹਾਊਸ ਅਤੇ ਜ਼ਮੀਨ, ਜੈਸਲਮੇਰ ਵਿੱਚ ਵਿੰਡਮਿੱਲ, ਲੰਡਨ ਵਿੱਚ ਇੱਕ ਫਲੈਟ ਅਤੇ ਯੂਏਈ ਵਿੱਚ ਰਿਹਾਇਸ਼ੀ ਫਲੈਟਾਂ ਸਣੇ ਸ਼ੇਅਰ ਅਤੇ ਬੈਂਕਾਂ ’ਚ ਜਮ੍ਹਾਂ ਰਕਮ ਸ਼ਾਮਲ ਹੈ।’’

ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ 8 ਜੂਨ ਨੂੰ ਈਡੀ ਨੂੰ ਸੰਪਤੀਆਂ ਜ਼ਬਤ ਕਰਨ ਦੇ ਆਦੇਸ਼ ਦਿੱਤੇ ਸਨ। ਨੀਰਵ ਮੋਦੀ (49) ਇਸ ਵੇਲੇ ਯੂਕੇ ਦੀ ਜੇਲ੍ਹ ਵਿੱਚ ਬੰਦ ਹੈ। ਊਸ ਨੂੰ ਮਾਰਚ 2019 ਵਿੱਚ ਲੰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਊਹ ਭਾਰਤ ਨੂੰ ਹਵਾਲਗੀ ਸਬੰਧੀ ਕੇਸ ਲੜ ਰਿਹਾ ਹੈ।

Previous articleਮੁਲਾਜ਼ਮ ’ਤੇ ਕੁੱਤਾ ਛੱਡਣ ਵਾਲੀ ਸਪਾ ਮਾਲਕਣ ਗ੍ਰਿਫ਼ਤਾਰ
Next articleਐੱਸਬੀਆਈ ਨੇ ਘੱਟ ਮਿਆਦ ਵਾਲੇ ਕਰਜ਼ ’ਤੇ ਵਿਆਜ਼ ਦਰ ਘਟਾਈ