-
ਪੁਲਵਾਮਾ ’ਚ ਲੰਘੇ ਦਿਨੀਂ ਨਾਕਾਮ ਕੀਤੇ ਫ਼ਿਦਾਈਨ ਹਮਲੇ ਵਿੱਚ ਸ਼ਾਮਲ ਸੀ ਜੈਸ਼ ਦਹਿਸ਼ਤਗਰਦ
ਸ੍ਰੀਨਗਰ(ਸਮਾਜਵੀਕਲੀ): ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਇਕ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ ਸਿਖਰਲੇ ਦਹਿਸ਼ਤਗਰਦ ਅਬਦੁਲ ਰਹਿਮਾਨ ਉਰਫ਼ ‘ਫ਼ੌਜੀ ਭਾਈ’ ਤੇ ਦੋ ਮੁਕਾਮੀ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਰਹਿਮਾਨ ਧਮਾਕਾਖੇਜ਼ ਸਮੱਗਰੀ ਬਣਾਉਣ ਦਾ ਮਾਹਿਰ ਸੀ ਤੇ ਉਹ ਗੱਠਜੋੜ ਫੌਜਾਂ ਖ਼ਿਲਾਫ਼ ਅਫ਼ਗ਼ਾਨ ਜੰਗ ਵੀ ਲੜ ਚੁੱਕਾ ਹੈ। ਆਈਜੀਪੀ ਵਿਜੈ ਕੁਮਾਰ ਨੇ ਪਾਕਿਸਤਾਨੀ ਨਾਗਰਿਕ ਅਬਦੁਲ ਰਹਿਮਾਨ ਉਰਫ਼ ਫ਼ੌਜੀ ਭਾਈ ਉਰਫ਼ ਫੌਜੀ ਬਾਬਾ ਦੇ ਮਾਰੇ ਜਾਣ ਨੂੰ ਸੁਰੱਖਿਆ ਬਲਾਂ ਲਈ ਵੱਡੀ ਸਫ਼ਲਤਾ ਦੱਸਿਆ ਹੈ।
ਮਾਰੇ ਗਏ ਦੋ ਹੋਰਨਾਂ ਦਹਿਸ਼ਤਗਰਦਾਂ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਪੁਲਵਾਮਾ ਦੇ ਕੰਗਨ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਤਾਂ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਤਿੰਨ ਅਤਿਵਾਦੀ ਮਾਰੇ ਗਏ। ਕੁਮਾਰ ਨੇ ਕਿਹਾ ਕਿ ਰਹਿਮਾਨ ਸਾਲ 2017 ਤੋਂ ਦੱਖਣੀ ਕਸ਼ਮੀਰ ਵਿੱਚ ਸਰਗਰਮ ਸੀ ਤੇ ਉਹ ਹਿੰਸਾ ਨਾਲ ਝੰਬੇ ਅਫ਼ਗ਼ਾਨਿਸਤਾਨ ਵਿੱਚ ਗੱਠਜੋੜ ਫੌਜਾਂ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਸੀ।
ਆਈਜੀਪੀ ਨੇ ਦਾਅਵਾ ਕੀਤਾ ਕਿ 28 ਮਈ ਨੂੰ ਸੁਰੱਖਿਆ ਬਲਾਂ ਵੱਲੋਂ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਦਾ ਰਾਹ ਰੋਕੇ ਜਾਣ ਮੌਕੇ ਫ਼ੌਜੀ ਬਾਬਾ ਉਥੋਂ ਫ਼ਰਾਰ ਹੋਣ ਵਿੱਚ ਸਫ਼ਲ ਰਿਹਾ ਸੀ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਫ਼ੌਜੀ ਭਾਈ ਦਾ ਅਸਲ ਨਾਮ ਇਕਰਾਮ ਸੀ ਤੇ ਉਹ ਜੈਸ਼ ਦੇ ਸਿਖਰਲੇ ਕਮਾਂਡਰ ਅਬਦੁਲ ਰਾਊਫ਼ ਅਸਗਰ, ਜੋ 1999 ਜਹਾਜ਼ ਅਗਵਾ ਮਾਮਲੇ ’ਚ ਲੋੜੀਂਦਾ ਸੀ, ਦਾ ਕਰੀਬੀ ਸੀ। ਅਨੰਤਨਾਗ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਵੱਡੀ ਮਾਤਰਾ ਵਿਚ ਵਿਸਫੋਟਕ ਪਦਾਰਥ ਬਰਾਮਦ ਕੀਤੇ ਗਏ ਹਨ।