ਅਮਰੀਕਾ ’ਚ ਅਸ਼ਾਂਤੀ ਲਈ ਟਰੰਪ ਜ਼ਿੰਮੇਵਾਰ: ਬਿਡੇਨ

ਹਿਊਸਟਨ (ਸਮਾਜਵੀਕਲੀ): ਅਮਰੀਕਾ ਵਿਚ ਗੜਬੜ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਗਾਮੀ ਚੋਣਾਂ ਲਈ ਡੈਮੋਕ੍ਰੇਟ ਪਾਰਟੀ ਵੱਲੋਂ ਮੋਹਰੀ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ ਟਰੰਪ ਨੇ ਅਮਰੀਕੀ ਲੋਕਤੰਤਰ ਨੂੰ ਲੰਮੇ ਸਮੇਂ ਤੋਂ ਬਚਾਅ ਰਹੀਆਂ ਸਾਰੀਆਂ ਰੋਕਾਂ ਪੁੱਟ ਸੁੱਟੀਆਂ ਹਨ। 77 ਸਾਲਾ ਆਗੂ ਨੇ ਕਿਹਾ ਕਿ ਇਹ ਅਮਰੀਕਾ ਨੂੰ ਜਗਾਉਣ ਵਾਲਾ ਸਮਾਂ ਹੈ। ਮੁਲਕ ਨੂੰ ਯੋਗ ਅਗਵਾਈ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਹਿੰਸਾ, ਲੁੱਟ-ਖੋਹ ਤੇ ਸੰਪਤੀ ਦਾ ਨੁਕਸਾਨ ਗਲਤ ਵਰਤਾਰਾ ਹੈ। ਸ਼ਾਂਤੀਪੂਰਨ ਮੁਜ਼ਾਹਰੇ ਕਰਨੇ ਚਾਹੀਦੇ ਹਨ। ਬਿਡੇਨ ਨੇ ਕਿਹਾ ਕਿ ਟਰੰਪ ਨੇ ਜੋ ਨੁਕਸਾਨ ਦੇਸ਼ ਦੇ ਅਰਥਚਾਰੇ ਤੇ ਨਿਆਂ ਪ੍ਰਣਾਲੀ ਨੂੰ ਪਹੁੰਚਾਇਆ ਹੈ, ਉਹ ਯਾਦ ਰੱਖਣਾ ਪਵੇਗਾ। ਫਲਾਇਡ ਹੱਤਿਆ ਮਾਮਲੇ ਵਿਚ ਮਿਨੀਸੋਟਾ ਸੂਬੇ ਨੇ ਮਿਨੀਪੋਲਿਸ ਪੁਲੀਸ ਖ਼ਿਲਾਫ਼ ਮਨੁੱਖੀ ਹੱਕਾਂ ਨਾਲ ਜੁੜੀ ਜਾਂਚ ਆਰੰਭ ਦਿੱਤੀ ਹੈ।

ਵੱਡੀ ਗਿਣਤੀ ਅਮਰੀਕੀ ਨਿਊ ਯਾਰਕ, ਫਿਲਾਡੈਲਫੀਆ, ਸ਼ਿਕਾਗੋ ਤੇ ਵਾਸ਼ਿੰਗਟਨ ਵਿਚ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਜਾਰੀ ਰੱਖ ਰਹੇ ਹਨ। ਹਿਊਸਟਨ ਵਿਚ ਕਰੀਬ 60 ਹਜ਼ਾਰ ਲੋਕਾਂ ਨੇ ਫਲਾਇਡ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਸ਼ਾਂਤੀਪੂਰਨ ਮਾਰਚ ਕੀਤਾ।

Previous articleਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ
Next articleਮੁਕਾਬਲੇ ਵਿੱਚ ਜੈਸ਼ ਕਮਾਂਡਰ ‘ਫ਼ੌਜੀ ਭਾਈ’ ਸਮੇਤ ਤਿੰਨ ਹਲਾਕ