ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

ਜੰਮੂ (ਸਮਾਜਵੀਕਲੀ) :  ਕੌਮੀ ਜਾਂਚ ਏਜੰਸੀ ਨੇ ਕਥਿਤ ਦਹਿਸ਼ਤੀ ਸਰਗਰਮੀਆਂ ’ਚ ਸ਼ਮੂਲੀਅਤ ਲਈ ਜੰਮੂ ਤੇ ਕਸ਼ਮੀਰ ਪੁਲੀਸ ਦੇ ਮੁਅੱਤਲ ਡੀਐੱਸਪੀ ਦੇਵਿੰਦਰ ਸਿੰਘ ਸਮੇਤ ਛੇ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ ਕੀਤਾ ਹੈ। ਦੋਸ਼ਪੱਤਰ ਵਿੱਚ ਸਿੰਘ ਤੋਂ ਇਲਾਵਾ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਸੱਯਦ ਨਵੀਦ ਮੁਸ਼ਤਾਕ ਉਰਫ਼ ਨਵੀਦ ਬਾਬੂ, ਜਥੇਬੰਦੀ ਦੇ ਕਥਿਤ ਕਾਰਕੁਨ ਇਰਫ਼ਾਨ ਸ਼ਫ਼ੀ ਮੀਰ ਤੇ ਮੈਂਬਰ ਰਫ਼ੀ ਅਹਿਮਦ ਰਾਥਰ, ਵਪਾਰੀ ਤਨਵੀਰ ਅਹਿਮਦ ਵਾਨੀ ਤੇ ਨਵੀਦ ਬਾਬੂ ਦਾ ਭਰਾ ਸੱਯਦ ਇਰਫ਼ਾਨ ਅਹਿਮਦ ਦੇ ਨਾਮ ਸ਼ਾਮਲ ਹਨ।

ਅਧਿਕਾਰੀਆਂ ਨੇ ਕਿਹਾ ਕਿ ਸਿੰਘ, ਜਿਸ ਨੂੰ ਇਸ ਸਾਲ ਜਨਵਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਸੁਰੱਖਿਅਤ ਸੋਸ਼ਲ ਮੀਡੀਆ ਪਲੈਟਫਾਰਮਾਂ ਜ਼ਰੀਏ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਕਥਿਤ ਸਬੰਧਤ ਸਥਾਪਤ ਕੀਤੇ ਸਨ। 3046 ਸਫ਼ੇ ਲੰਮੀ ਚਾਰਜਸ਼ੀਟ ਜੰਮੂ ਦੀ ਅਦਾਲਤ ਵਿਚ ਦਾਖ਼ਲ ਕੀਤੀ ਗਈ ਹੈ ਤੇ ਯੂਏਪੀਏ ਅਤੇ ਆਈਪੀਸੀ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਜੇ ਇਹ ਸਾਰੇ ਦੋਸ਼ ਅਦਾਲਤ ਵਿਚ ਸਾਬਿਤ ਹੋ ਜਾਂਦੇ ਹਨ ਤਾਂ ਮੁਲਜ਼ਮਾਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।

ਐਨਆਈਏ ਮੁਤਾਬਕ ਮੁਲਜ਼ਮ ਪਾਕਿ ਅਧਾਰਿਤ ਹਿਜ਼ਬੁਲ ਮੁਜਾਹਿਦੀਨ ਤੇ ਪਾਕਿਸਤਾਨੀ ਏਜੰਸੀਆਂ ਵੱਲੋਂ ਘੜੀ ਡੂੰਘੀ ਸਾਜ਼ਿਸ਼ ਦਾ ਹਿੱਸਾ ਸਨ। ਸਾਜ਼ਿਸ਼ ‘ਹਿੰਸਕ ਗਤੀਵਿਧੀਆਂ ਕਰਨ ਤੇ ਭਾਰਤ ਖ਼ਿਲਾਫ਼ ਜੰਗ ਛੇੜਨ ਲਈ ਘੜੀ ਗਈ ਸੀ।’ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਸੰਵੇਦਨਸ਼ੀਲ ਸੂਚਨਾਵਾਂ ਇਕੱਠੀਆਂ ਕਰਨ ਲਈ ਦੇਵਿੰਦਰ ਸਿੰਘ ਨੂੰ ਤਿਆਰ ਕਰ ਰਹੇ ਸਨ।

ਇਸ ਤੋਂ ਇਲਾਵਾ ਪਾਕਿਸਤਾਨ ਇਨ੍ਹਾਂ ਨੂੰ ਪੈਸਾ, ਹਥਿਆਰ ਤੇ ਹੋਰ ਗ਼ੈਰਕਾਨੂੰਨੀ ਕੰੰਮਾਂ ਲਈ ਮਦਦ ਦੇਣ ਵਾਸਤੇ ਹਰ ਹੀਲਾ ਵਰਤ ਰਿਹਾ ਸੀ। ਜ਼ਿਕਰਯੋਗ ਹੈ ਕਿ ਦੇਵਿੰਦਰ ਨੂੰ 11 ਜਨਵਰੀ ਨੂੰ ਨਵੀਦ ਬਾਬੂ ਤੇ ਹੋਰਨਾਂ ਨਾਲ ਕਾਜ਼ੀਗੁੰਡ ਨੇੜੇ ਕੌਮੀ ਮਾਰਗ ’ਤੇ ਪੁਲੀਸ ਨੇ ਕਾਰ ’ਚ ਜਾਂਦਿਆਂ ਗ੍ਰਿਫ਼ਤਾਰ ਕੀਤਾ ਸੀ। ਵਾਹਨ ਵਿਚੋਂ ਏਕੇ-47 ਰਾਈਫਲ, ਤਿੰਨ ਪਿਸਤੌਲ ਤੇ ਹੋਰ ਅਸਲਾ ਬਰਾਮਦ ਹੋਇਆ ਸੀ।

Previous articleਡੋਵਾਲ-ਵੈਂਗ ਵੱਖਰੇਵਿਆਂ ਨੂੰ ਵਿਵਾਦ ਨਾ ਬਣਨ ਦੇਣ ਲਈ ਸਹਿਮਤ
Next articleਕੇਸ ਸੱਤ ਲੱਖ ਤੋਂ ਪਾਰ, ਕਰੋੜ ਟੈਸਟ ਮੁਕੰਮਲ