ਮੀਂਹ ਪੈਣ ਨਾਲ ਗਰਮੀ ਤੋਂ ਰਾਹਤ

ਬੁੜੈਲ ਦੇ ਸੈਣੀ ਮੁਹੱਲੇ ਦੇ ਘਰਾਂ ਵਿੱਚ ਪਾਣੀ ਵੜਿਆ; ਪਿੰਡ ਦੀ ਫਿਰਨੀ ਨੇ ਨਹਿਰ ਦਾ ਰੂਪ ਧਾਰਿਆ

ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਲਗਪਗ ਅੱਧਾ ਘੰਟਾ ਪਈ ਬਾਰਸ਼ ਨਾਲ ਸ਼ਹਿਰ ਜਲ-ਥਲ ਹੋ ਗਿਆ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਨਾਲ ਵਾਹਨ ਚਾਲਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕਈ ਇਲਾਕਿਆਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਵੜ ਗਿਆ। ਪਿੰਡ ਬੁੜੈਲ ਦੇ ਘਰਾਂ ਵਿੱਚ ਪਾਣੀ ਵੜਨ ਨਾਲ ਘਰੇਲੂ ਸਾਮਾਨ ਨੁਕਸਾਨਿਆ ਗਿਆ। ਪਿੰਡ ਦੀ ਫਿਰਨੀ ਨਹਿਰ ਦਾ ਅਹਿਸਾਸ ਕਰਵਾ ਰਹੀ ਸੀ ਅਤੇ ਸੈਣੀ ਮੁਹੱਲੇ ਵਿੱਚ ਸਭ ਤੋਂ ਮਾੜਾ ਹਾਲ ਸੀ। ਲੋਕਾਂ ਨੇ ਬਾਲਟੀਆਂ ਅਤੇ ਪੀਪਿਆਂ ਨਾਲ ਘਰਾਂ ਵਿੱਚ ਪਾਣੀ ਬਾਹਰ ਕੱਢਿਆ। ਪਿੰਡ ਦੀ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪੁੱਟੀਆਂ ਹੋਈਆਂ ਗਲੀਆਂ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਗਈ। ਪਿੰਡ ਦੀ ਸੀਵਰੇਜ ਵਿਵਸਥਾ ਠੱਪ ਹੀ ਰਹਿੰਦੀ ਹੈ। ਸੁਸਾਸਿਟੀ ਦੇ ਚੇਅਰਮੈਨ ਪ੍ਰਿੰਸੀਪਲ ਰਣਜੀਤ ਸਿੰਘ ਤੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸੈਣੀ ਮੁਹੱਲੇ ਦੇ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੰਡੀਗੜ੍ਹ ਦੇ ਹੋਰਨਾਂ ਪਿੰਡਾਂ ਵਿੱਚ ਵੀ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਅਧਵਿਚਕਾਰ ਛੱਡਣ ਕਾਰਨ ਬਾਰਸ਼ ਪੈਣ ’ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਲਗਪਗ 32 ਹਜ਼ਾਰ ਰੋਡ ਗਲੀਆਂ ਦੀ ਮੌਨਸੂਨ ਆਉਣ ਤੋਂ ਪਹਿਲਾਂ ਸਫਾਈ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਥੋੜੀ ਜਿਹੀ ਬਾਰਿਸ਼ ਪੈਣ ’ਤੇ ਸ਼ਹਿਰ ਜਲ-ਥਲ ਹੋ ਜਾਂਦਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Previous articleਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਦਾ ਭਰਾ ਗ੍ਰਿਫ਼ਤਾਰ
Next articleਕੁਵੈਤ ’ਚ ਵੇਚੀ ਗਈ ਵੀਨਾ 26 ਨੂੰ ਵਤਨ ਪਰਤੇਗੀ