ਮਿਸਾਲੀ ਕੰਮ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਮਿਲੇਗਾ ਪੁਰਸਕਾਰ

ਚੰਡੀਗੜ੍ਹ (ਸਮਾਜਵੀਕਲੀ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲੀਸ ਦੇ ਮੁਖੀ ਨੂੰ ਕਿਹਾ ਹੈ ਕਿ ਪੁਲੀਸ ਦੇ ਜਿਹੜੇ ਸਟਾਫ ਨੇ ਕੋਵਿਡ-19 ਖਿਲਾਫ ਲੜਦਿਆਂ ਮਿਸਾਲੀ ਕੰਮ ਕੀਤਾ ਹੈ, ਉਨ੍ਹਾਂ ਦੇ ਮਾਣ ਸਨਮਾਨ ਲਈ ਵਿਸ਼ੇਸ਼ ਐਵਾਰਡ ਕਾਇਮ ਕੀਤਾ ਜਾਵੇ। ਕੁਝ ਪਾਰਟੀਆਂ ਨੇ ਮੰਗ ਕੀਤੀ ਸੀ ਕਿ ਫਰੰਟ ਲਾਈਨ ’ਤੇ ਲੜਨ ਵਾਲੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਲਈ ਪੈਕੇਜ ਦਿੱਤਾ ਜਾਵੇ ਤਾਂ ਕਿ ਉਹ ਕੋਵਿਡ ਖਿਲਾਫ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਲੜਾਈ ਲੜ ਸਕਣ।

ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਨੇ ਮੋਗਾ ਜ਼ਿਲ੍ਹੇ ਦੇ ਦੋ ਪੁਲੀਸ ਮੁਲਾਜ਼ਮਾਂ ਸਹਾਇਕ ਸਬ ਇੰਸਪੈਕਟਰ ਬਿੱਕਰ ਸਿੰਘ ਅਤੇ ਸਿਪਾਹੀ ਸੁਖਜਿੰਦਰ ਪਾਲ ਸਿੰਘ ਸਣੇ ਤਿੰਨ ਮੁਲਾਜ਼ਮਾਂ ਦੀ ਇਸ ਐਵਾਰਡ ਲਈ ਚੋਣ ਕੀਤੀ ਹੈ। ਪਹਿਲੇ ਦੋਵੇਂ ਮੁਲਾਜ਼ਮਾਂ ਨੇ ਇਕ ਗਰਭਵਤੀ ਮਹਿਲਾ ਦੀ ਮਦਦ ਕੀਤੀ ਜਿਸ ਨੂੰ ਕਈ ਹਸਪਤਾਲਾਂ ਨੇ ਭਰਤੀ ਕਰਨ ਤੋਂ ਜੁਆਬ ਦੇ ਦਿੱਤਾ ਸੀ। ਪੁਲੀਸ ਮੁਖੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਐਸਐਚਓ ਸੰਜੀਵ ਕੁਮਾਰ ਦੀ ਚੋਣ ਵੀ ਵਿਸ਼ੇਸ਼ ਐਵਾਰਡ ਲਈ ਕੀਤੀ ਹੈ ਜਿਸ ਨੇ ਗਰੀਬਾਂ ਅਤੇ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ।

ਪੰਜਾਬ ਪੁਲੀਸ ਦੇ ਮੁਖੀ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਪੁਲੀਸ ਦੇ ਪੰਜਾਹ ਹਜ਼ਾਰ ਜਵਾਨ ਤੇ ਅਧਿਕਾਰੀ ਗਰੀਬਾਂ, ਭੁੱਖੇ ਭਾਣੇ, ਬੇਰੁਜ਼ਗਾਰ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰ ਰਹੇ ਹਨ। ਕਈ ਥਾਵਾਂ ’ਤੇ ਪੁਲੀਸ ਮੁਲਾਜ਼ਮਾਂ ਨੇ ਆਪਣੀਆਂ ਜੇਬਾਂ ਵਿਚੋਂ ਪੈਸੇ ਖਰਚ ਕਰਕੇ ਲੋਕਾਂ ਦੇ ਘਰ ਰਾਸ਼ਨ ਪਹੁੰਚਾਇਆ ਹੈ। ਕਈ ਥਾਵਾਂ ’ਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰਫਿਊ ਲਾਗੂ ਕਰਵਾਉਣ ਲਈ ਸਖਤੀ ਦੀ ਲੋੜ ਹੈ ਪਰ ਬੇਕਸੁੂਰਾਂ ਨੂੰ ਕੁੱਟਣਾ ਮਾਰਨਾ ਜਾਇਜ਼ ਨਹੀਂ।

Previous articleਕਿਸਾਨਾਂ ਤੇ ਮਜ਼ਦੂਰਾਂ ਨੇ ਛੱਤਾਂ ’ਤੇ ਖੜਕਾਈਆਂ ਥਾਲੀਆਂ
Next article‘ਤਾਲਾਬੰਦੀ ਜਾਰੀ ਰਹੀ ਤਾਂ ਅਰਥਚਾਰੇ ਦੀ ਹਾਲਤ ਹੋਰ ਬਦਤਰ ਹੋਵੇਗੀ’