ਮਾਨਸਾ , 6 ਜੂਨ (ਔਲਖ)(ਸਮਾਜਵੀਕਲੀ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ—19 ਨਾਲ ਨਜਿੱਠਣ ਦੇ ਮੱਦੇਨਜ਼ਰ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਸਿਹਤ ਵਿਭਾਗ ਦਾ ਅਮਲਾ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਜੀ ਦੀ ਅਗਵਾਈ ਵਿੱਚ ਸ਼ੱਕੀ ਮਰੀਜ਼ਾਂ ਦੀ ਤਲਾਸ਼, ਇਕਾਂਤਵਾਸ ਅਤੇ ਸ਼ੱਕੀ ਮਰੀਜ਼ਾਂ ਦੇ ਟੈਸਟ ਲਗਾਤਾਰ ਕਰ ਰਿਹਾ ਹੈ। ਕੋਵਿਡ—19 ਖਿਲਾਫ ਜੰਗ ਵਿਚ ਮੁਹਰਲੀਆਂ ਕਤਾਰਾਂ ‘ਚ ਕੰਮ ਕਰ ਰਹੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਹਤ ਕਰਮਚਾਰੀਆਂ, ਆਸ਼ਾ ਸਟਾਫ਼, ਏ.ਐਨ.ਐਮ., ਸਫਾਈ ਸੇਵਕਾਂ, ਕੈਦੀਆਂ ਆਦਿ ਦੀ ਰੋਜ਼ਾਨਾ ਸੈਂਪਲਿੰਗ ਕੀਤੀ ਜਾ ਰਹੀ ਹੈ।
ਮਹਾਂਮਾਰੀ ਦੀ ਸੁਰੂਆਤ ਤੋਂ ਲੈ ਕੇ ਹੀ ਡਾਕਟਰ ਰਣਜੀਤ ਸਿੰਘ ਰਾਏ, ਡਾ. ਅਰਸ਼ਦੀਪ ਸਿੰਘ ਅਤੇ ਡਾ. ਵਿਸ਼ਵਜੀਤ ਸਿੰਘ ਦੀ ਟੀਮ ਵਿਸ਼ੇਸ਼ ਤੌਰ ਤੇ ਮਾਨਸਾ ਜ਼ਿਲ੍ਹੇ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਜਾ ਕੇ ਸੈਂਪਲਿੰਗ ਕਰ ਰਹੀ ਹੈ। ਇਸ ਟੀਮ ਦੀ ਅਣਥੱਕ ਮਿਹਨਤ ਕਰਕੇ ਹਰ ਰੋਜ਼ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਮੂਨੇ ਲੈਣ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਸਥਾਨਕ ਲਬਾਟਰੀ ਟੈਕਨੀਸ਼ੀਅਨ, ਫਾਰਮੇਸੀ ਅਫਸਰ, ਕਮਿਉਨਿਟੀ ਹੈਲਥ ਅਫਸਰ ਅਤੇ ਸਟਾਫ ਨਰਸਾਂ ਨੂੰ ਆਰ ਟੀ – ਪੀ ਸੀ ਆਰ ਨਮੂਨੇ ਇਕੱਤਰ ਕਰਨ ਅਤੇ ਪੈਕ ਕਰਨ ਬਾਰੇ ਟਰੇਨਿੰਗ ਦਿੱਤੀ ਜਾ ਰਹੀ ਹੈ। ਹੁਣ ਕਮਿਉਨਿਟੀ ਹੈਲਥ ਸੈਂਟਰਾਂ ਦੇ ਨਾਲ ਨਾਲ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਵੀ ਟੈਸਟਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਇਸੇ ਲੜੀ ਤਹਿਤ ਅੱਜ ਪੀ ਐਚ ਸੀ ਨੰਗਲ ਕਲਾਂ ਵਿਖੇ ਆਰ ਟੀ – ਪੀ ਸੀ ਆਰ (ਕੋਵਿਡ-19) ਸੈਪਲਿੰਗ ਕੀਤੀ ਗਈ। ਸੈਪਲ ਇਕੱਤਰ ਕਰਨ ਲਈ ਡਾਕਟਰ ਰਣਜੀਤ ਸਿੰਘ ਰਾਏ, ਡਾ. ਅਰਸ਼ਦੀਪ ਸਿੰਘ ਅਤੇ ਡਾ. ਵਿਸ਼ਵਜੀਤ ਸਿੰਘ , ਮਨਪ੍ਰੀਤ ਸਿੰਘ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ। ਸੈਂਪਲਿੰਗ ਦੌਰਾਨ ਚਾਨਣ ਦੀਪ ਸਿੰਘ, ਕੁਲਦੀਪ ਸਿੰਘ, ਰਮਨਦੀਪ ਕੌਰ, ਬਲਜੀਤ ਕੌਰ ਆਦਿ ਨੇ ਇਸ ਸੈਪਲਿੰਗ ਟੀਮ ਦਾ ਸੈਪਲਿੰਗ ਪ੍ਰਕਿਰਿਆ ਵਿੱਚ ਸਹਿਯੋਗ ਕੀਤਾ।
ਅੱਜ ਇਸ ਮੌਕੇ ਬਾਹਰ ਤੋਂ ਆਏ ਇਕਾਂਤਵਾਸ ਕੀਤੇ ਵਿਅਕਤੀਆਂ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਗਰਭਵਤੀ ਔਰਤਾਂ, ਮੈਡੀਕਲ ਪ੍ਰੈਕਟੀਸਨਰ, ਹੇਅਰ ਕਟਿੰਗ ਵਾਲੇ, ਦੋਧੀ , ਦੁਕਾਨਦਾਰ ਅਤੇ ਸਬਜ਼ੀ ਵਿਕਰੇਤਾਵਾਂ ਸਮੇਤ 300 ਦੇ ਕਰੀਬ ਵਿਅਕਤੀਆਂ ਦੇ ਨਮੂਨੇ ਇਕੱਤਰ ਕਰ ਕੇ ਟੈਸਟ ਲਈ ਭੇਜੇ ਗਏ। ਜਿਕਰਯੋਗ ਹੈ ਕਿ ਇਹ ਪਿਛਲੇ ਦਿਨੀਂ ਹੁੰਦੀ ਆ ਰਹੀ ਸੈਂਪਲਿੰਗ ਵਿਚੋਂ ਪੀ ਐਚ ਸੀ ਪੱਧਰ ‘ਤੇ ਹੋਣ ਵਾਲੀ ਰਿਕਾਰਡ ਸੈਂਪਲਿੰਗ ਹੈ। ਜੋ ਸੈਂਪਲਿੰਗ ਟੀਮ ਤੋਂ ਇਲਾਵਾ ਪੀ ਐਚ ਸੀ ਨੰਗਲ ਕਲਾਂ ਦੇ ਸਟਾਫ ਹੈਲਥ ਵਰਕਰ ਮੇਲ ਫੀਮੇਲ, ਆਸ਼ਾ ਸੁਪਰਵਾਈਜ਼ਰ, ਆਸ਼ਾ ਵਰਕਰਾਂ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ। ਪਿੰਡ ਦੀ ਪੰਚਾਇਤ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ।
ਇਸ ਮੌਕੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਦੀ ਵੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਜ਼ੋ ਵਿਅਕਤੀ ਸੂਬੇ ਅੰਦਰ ਬਾਹਰੋਂ ਦਾਖਲ ਹੁੰਦੇ ਹਨ ਜਾਂ ਹਾਈ ਰਿਸਕ ਏਰੀਆ ਤੋਂ ਆਉਂਦੇ ਹਨ ਤਾਂ ਲੱਛਣ ਪਾਏ ਜਾਣ ਤੇ ਉਨ੍ਹਾਂ ਦੀ ਵੀ ਸੈਂਪਲਿੰਗ ਅਤੇ 14 ਦਿਨਾਂ ਦਾ ਇਕਾਂਤਵਾਸ ਕੀਤਾ ਜਾਵੇਗਾ। ਡਾ. ਠਕਰਾਲ ਨੇ ਕਿਹਾ ਕਿ ਲੋਕਾਂ ਨੂੰ ਇਸ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ, ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦਰਮਿਆਨ ਨਿਰਧਾਰਤ ਦੂਰੀ ਬਣਾ ਕੇ ਰੱਖੋ, ਆਪਣੇ ਹੱਥ ਬਾਰ—ਬਾਰ ਸਾਬਣ ਨਾਲ ਸਾਫ਼ ਕਰੋ।ਇਸ ਤੋਂ ਇਲਾਵਾ ਖੰਘ, ਜੁਕਾਮ ਅਤੇ ਬੁਖ਼ਾਰ ਨਾਲ ਪੀੜ੍ਹਤ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ।ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਤੁਹਾਡੇ ਗਲੀ ਮੁਹੱਲੇ ਵਿਚ ਬਾਹਰਲੇ ਰਾਜ ਤੋਂ ਆ ਕੇ ਰਹਿ ਰਿਹਾ ਹੋਵੇ ਤਾਂ ਉਸ ਦੀ ਸੂਚਨਾ ਸਿਹਤ ਕੰਟਰੋਲ ਰੂਮ ਨੰਬਰ 104 ਜਾਂ ਜਿ਼ਲ੍ਹਾ ਕੰਟਰੋਲ ਰੂਮ 01652-229082 ਤੇ ਦਿੱਤੀ ਜਾਵੇ।
ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਹਰਦੀਪ ਸਿੰਘ, ਪ੍ਰਦੀਪ ਸਿੰਘ , ਮਨਦੀਪ ਸਿੰਘ , ਰਵਿੰਦਰ ਕੁਮਾਰ, ਕੁਲਵਿੰਦਰ ਕੌਰ, ਜੱਗਾ ਸਿੰਘ ਸਮੂਹ ਆਸ਼ਾ ਵਰਕਰ, ਆਂਗਣਵਾੜੀ ਵਰਕਰਾਂ ਅਤੇ ਆਦਿ ਹਾਜ਼ਰ ਸਨ।