ਮਿਸ਼ਨ 13: ਕੈਪਟਨ ਵੱਲੋਂ ਡਟਣ ਦਾ ਸੱਦਾ

ਅਵੇਸਲਾਪਣ ਦਿਖਾਉਣ ਵਾਲੇ ਮੰਤਰੀਆਂ, ਵਿਧਾਇਕਾਂ ਅਤੇ ਚੇਅਰਮੈਨਾਂ ਨੂੰ ਦਿੱਤੀ ਚਿਤਾਵਨੀ

ਕੁਝ ਕਾਂਗਰਸ ਆਗੂਆਂ ਵੱਲੋਂ ਚੋਣ ਸਰਗਰਮੀ ਸ਼ੁਰੂ ਨਾ ਕੀਤੇ ਜਾਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਮੰਤਰੀਆਂ ਦੀ ਕਾਰਗੁਜ਼ਾਰੀ ਆਪਣੇ ਹਲਕਿਆਂ ’ਚ ਪਾਰਟੀ ਦੇ ਮਿਆਰਾਂ ਅਨੁਸਾਰ ਨਾ ਹੋਈ ਤਾਂ ਉਨ੍ਹਾਂ ਦੀ ਵਜ਼ਾਰਤ ਵਿਚੋਂ ਛਾਂਟੀ ਕਰ ਦਿੱਤੀ ਜਾਵੇਗੀ ਅਤੇ ਵਿਧਾਇਕਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਤੋਂ ਹੱਥ ਧੋਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਰਲ ਕੇ ‘ਮਿਸ਼ਨ 13’ ਦੀ ਸਫ਼ਲਤਾ ਲਈ ਜੁੱਟ ਜਾਣਾ ਚਾਹੀਦਾ ਹੈ। ਇਹੀ ਹੁਕਮ ਚੇਅਰਮੈਨਾਂ ਅਤੇ ਸੰਭਾਵੀ ਚੇਅਰਮੈਨਾਂ ਲਈ ਲਾਗੂ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨ ਲਾਉਣ ਲਈ ਪਾਰਟੀ ਹਾਈਕਮਾਂਡ ਨੇ ਸੀਨੀਆਰਤਾ ਦੀ ਥਾਂ ਵਿਅਕਤੀਗਤ ਕਾਰਗੁਜ਼ਾਰੀ ਤੈਅ ਕਰ ਦਿੱਤੀ ਹੈ। ਜਾਣਕਾਰਾਂ ਮੁਤਾਬਕ ਪੰਜਾਬ ਵਿਚ ਕਾਂਗਰਸ ਵਿਧਾਇਕਾਂ, ਮੰਤਰੀਆਂ ਅਤੇ ਆਗੂਆਂ ਦੀ ਢਿੱਲੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਕਾਂਗਰਸ ਹਾਈਕਮਾਂਡ ਕੋਲ ਪਹੁੰਚੀਆਂ ਹਨ। ਇਸ ਫ਼ੈਸਲੇ ਦਾ ਮੰਤਵ ਪਾਰਟੀ ਵਿੱਚ ਕਾਰਗੁਜ਼ਾਰੀ ਆਧਾਰਿਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਅੱਜ ਵੀ ਪਾਰਟੀ ਦੇ ਕੁਝ ਵਿਧਾਇਕ ਆਪਣੇ ਹਲਕਿਆਂ ਦੀ ਥਾਂ ਚੰਡੀਗੜ੍ਹ ਵਿਚ ਸਨ। ਇਸ ਚਿਤਾਵਨੀ ਮਗਰੋਂ ਆਗੂਆਂ ਦੇ ਫੌਰੀ ਤੌਰ ’ਤੇ ਆਪੋ ਆਪਣੇ ਹਲਕਿਆਂ ਵਿਚ ਸਰਗਰਮ ਹੋ ਜਾਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਪਾਰਟੀ ਨੂੰ ਫਿਰੋਜ਼ਪੁਰ, ਸੰਗਰੂਰ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕਿਆਂ ’ਚ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਕਿ ਉਥੇ ਸਾਰੇ ਆਗੂ ਅਜੇ ਸਰਗਰਮ ਨਹੀਂ ਹੋਏ ਹਨ ਜਿਨ੍ਹਾਂ ਵਿਚ ਕੁਝ ਮੌਜੂਦਾ ਅਤੇ ਸਾਬਕਾ ਵਿਧਾਇਕ ਵੀ ਸ਼ਾਮਲ ਹਨ। ਇਸੇ ਕਰਕੇ ਮੁੱਖ ਮੰਤਰੀ ਨੂੰ ਹਫ਼ਤੇ ਦੇ ਅੰਦਰ ਅੰਦਰ ਦੂਜੀ ਵਾਰ ਅਜਿਹਾ ਬਿਆਨ ਜਾਰੀ ਕਰਨਾ ਪਿਆ ਹੈ। ਬਾਦਲਾਂ ਨਾਲ ਨੇੜਤਾ ਦੇ ਲੱਗ ਰਹੇ ਦੋਸ਼ਾਂ ਬਾਰੇ ਕੈਪਟਨ ਨੇ ਕਿਹਾ ਕਿ ਉਹ ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਅਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਧੂੜ ਚਟਾਉਣ ਲਈ ਆਪ ਚੋਣ ਮੁਹਿੰਮ ਦੀ ਅਗਵਾਈ ਕਰਨਗੇ।

Previous articleBJP, RJD battle it out to wrest Darbhanga LS seat
Next articleਵੱਡੀ ਸਾਜ਼ਿਸ਼ ਦਾ ਪਤਾ ਲਾਉਣ ਲਈ ਜੜ੍ਹ ਤਕ ਜਾਵਾਂਗੇ: ਸੁਪਰੀਮ ਕੋਰਟ