ਮਿਸ਼ਨ ਚੰਦਰਯਾਨ: ਭਾਰਤ ਇਤਿਹਾਸ ਸਿਰਜਣ ਤੋਂ ਖੁੰਝਿਆ

ਤਕਨੀਕੀ ਨੁਕਸ ਕਰਕੇ ਲੈਂਡਰ ਵਿਕਰਮ ਨਾਲੋਂ ਆਖਰੀ ਪਲਾਂ ’ਚ ਸੰਪਰਕ ਟੁੱਟਿਆ

ਪੂਰਾ ਮੁਲਕ ਜਦੋਂ ਸਾਹ ਰੋਕੀ ਚੰਦਰਯਾਨ-2 ਦੀ ਚੰਦਰਮਾ ਦੇ ਦੱਖਣੀ ਧੁਰੇ ’ਤੇ ‘ਸੌਫ਼ਟ ਲੈਂਡਿੰਗ’ ਦੀ ਬੇਸਬਰੀ ਨਾਲ ਉਡੀਕ ਵਿੱਚ ਸੀ ਤਾਂ ਐਨ ਆਖਰੀ ਮੌਕੇ ਲੈਂਡਰ ਵਿੱਚ ਤਕਨੀਕੀ ਨੁਕਸ ਪੈਣ ਨਾਲ ਇਸ ਦਾ ਬੰਗਲੁਰੂ ਵਿਚਲੇ ਖੋਜ ਕੇਂਦਰ ਨਾਲੋਂ ਸੰਪਰਕ ਟੁੱਟ ਗਿਆ। ਇਸਰੋ ਦੇ ਚੇਅਰਮੈਨ ਕੇ.ਸ਼ਿਵਨ ਨੇ ਕਿਹਾ ਕਿ ਯੋਜਨਾ ਮੁਤਾਬਕ ਪੜਾਅ ਵਾਰ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰੀ ’ਤੇ ਉਨ੍ਹਾਂ ਦਾ ਵਿਕਰਮ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ। ਇਸਰੋ ਵਿਗਿਆਨੀਆਂ ਨੇ ਲੈਂਡਿੰਗ ਦੇ ਆਖਰੀ 15 ਮਿੰਟਾਂ ਨੂੰ ਦਹਿਸ਼ਤੀ ਕਰਾਰ ਦਿੱਤਾ ਸੀ। ਲੈਂਡਰ ਨੇ ਇਸ ਪੜਾਅ ਨੂੰ ਸ਼ੁਰੂ ’ਚ ਤਾਂ ਸੌਖਿਆਂ ਹੀ ਪਾਰ ਕਰ ਲਿਆ ਪਰ ਆਖਰੀ ਪਲਾਂ ’ਚ ਇਸ ਦਾ ਸੰਪਰਕ ਟੁੱਟ ਗਿਆ।
ਇਸ ਤੋਂ ਪਹਿਲਾਂ ਇਸਰੋ ਸਮੇਤ ਪੂਰੇ ਦੇਸ਼ ਨੂੰ ਲੈਂਡਰ ਵਿਕਰਮ ਦੇ ਧਰਤੀ ਦੀ ਸਤਹਿ ’ਤੇ ਉਤਰਨ ਵਾਲੇ ਪਲ ਦੀ ਲੰਮੇ ਸਮੇਂ ਤੋਂ ਉਡੀਕ ਸੀ। ਇਸਰੋ ਨੇ ਮਿਸ਼ਨ ਚੰਦਰਯਾਨ ਦੇ ਅਹਿਮ ਪੜਾਵਾਂ ਨੂੰ ਯੋਜਨਾ ਮੁਤਾਬਕ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਨੇ ਲੜੀਵਾਰ ਟਵੀਟਾਂ ਰਾਹੀਂ ਚੰਦਰਯਾਨ-2 ਦੀ ਸਫ਼ਲਤਾ ਦਾ ਕਰੋੜਾਂ ਭਾਰਤੀਆਂ ਨੂੰ ਲਾਹਾ ਮਿਲਣ ਦੀ ਗੱਲ ਆਖੀ ਸੀ। ਇਸਰੋ ਚੇਅਰਮੈਨ ਕੇ.ਸ਼ਿਵਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਲ ਦੀ ਬੇਸਬਰੀ ਨਾਲ ਉਡੀਕ ਸੀ ਤੇ ਹੁਣ ਤਕ ਸਭ ਕੁਝ ਯੋਜਨਾ ਮੁਤਾਬਕ ਸਿਰੇ ਚੜ੍ਹਿਆ ਹੈ। ‘ਵਿਕਰਮ’ ਲੈਂਡਰ ਦੇ ਸ਼ਨਿੱਚਰਵਾਰ ਵੱਡੇ ਤੜਕੇ ਡੇਢ ਤੋਂ ਢਾਈ ਵਜੇ ਦੇ ਦਰਮਿਆਨ ਚੰਦਰਮਾ ਦੀ ਸਤਹਿ ’ਤੇ ਉਤਰਨ ਦੀ ਸੰਭਾਵਨਾ ਸੀ। ਜਦੋਂਕਿ ਰੋਵਰ ‘ਪ੍ਰਗਿਆਨ’ ਨੇ ਮਿੱਥੇ ਮੁਤਾਬਕ ਵਿਕਰਮ ਦੀ ਲੈਂਡਿੰਗ ਤੋਂ ਲਗਪਗ ਤਿੰਨ ਘੰਟੇ ਮਗਰੋਂ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਛੇ ਵਜੇ ਵਿਚਾਲੇ ਲੈਂਡਰ ’ਚੋਂ ਬਾਹਰ ਨਿਕਲਣਾ ਸੀ। ਇਸ ਸੌਫ਼ਟ ਲੈਂਡਿੰਗ ਨੂੰ ਦੂਰਦਰਸ਼ਨ, ਇਸਰੋ ਦੀ ਵੈੱਬਸਾਈਟ ’ਤੇਵੈੱਬਕਾਸਟ ਅਤੇ ਯੂ-ਟਿਊਬ, ਫੇਸਬੁੱਕ ਤੇ ਟਵਿੱਟਰ ’ਤੇ ਲਾਈਵ ਵਿਖਾਉਣ ਦੇ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਨਲਾਈਨ ਕੁਇਜ਼ ਦੇ ਦਰਜਨਾਂ ਜੇਤੂ ਵਿਦਿਆਰਥੀਆਂ, ਪੱਤਰਕਾਰ ਭਾਈਚਾਰੇ ਦੇ ਇਕ ਵੱਡੇ ਸਮੂਹ ਵੱਲੋਂ ਲੈਂਡਰ ‘ਵਿਕਰਮ’ ਦੇ ਚੰਦਰਮਾ ਦੀ ਸਤਹਿ ਵੱਲ ਆਖਰੀ ਸਫ਼ਰ ਨੂੰ ਇਸਰੋ ਦੇ ਟੈਲੀਮੈਟਰੀ ਟਰੈਕਿੰਗ ਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਰਾਹੀਂ ਅੱਖੀਂ ਵੇਖਿਆ। 1471 ਕਿਲੋ ਵਜ਼ਨੀ ‘ਵਿਕਰਮ’ ਦਾ ਨਾਂ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਏ. ਸਾਰਾਭਾਈ ਦੇ ਨਾਂ ’ਤੇ ਰੱਖਿਆ ਗਿਆ ਸੀ। ਜੇਕਰ ਭਾਰਤ ਦਾ ਇਹ ਮਿਸ਼ਨ ਸਫ਼ਲ ਰਹਿੰਦਾ ਹੈ ਤਾਂ ਉਹ ਰੂਸ, ਅਮਰੀਕਾ ਤੇ ਚੀਨ ਮਗਰੋਂ ਅਜਿਹਾ ਕਰਨ ਵਾਲਾ ਚੌਥਾ ਮੁਲਕ ਬਣ ਜਾਵੇਗਾ।

Previous articleਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਦੀ ਬਟਾਲਾ ਫੇਰੀ ਦੇ ਚਰਚੇ
Next articleਕਸ਼ਮੀਰ ਪਾਕਿਸਤਾਨ ਦੀ ਦੁਖਦੀ ‘ਸ਼ਾਹ ਰਗ’: ਇਮਰਾਨ ਖ਼ਾਨ