ਸੰਗਰੂਰ : ਪਿੰਡ ਸੋਹੀਆਂ ‘ਚ ਮਿਲਾਵਟੀ ਦੁੱਧ ਤਿਆਰੀ ਵਾਲੀ ਇਕ ਫੈਕਟਰੀ ‘ਤੇ ਡੀਐੱਸਪੀ ਮੋਹਿਤ ਕੁਮਾਰ ਅਗਰਵਾਲ ਦੀ ਅਗਵਾਈ ‘ਚ ਪੁਲਿਸ ਤੇ ਫੂਡ ਸੇਫਟੀ ਅਧਿਕਾਰੀ ਮਾਨਸਾ ਚਰਨਜੀਤ ਸਿੰਘ ਤੇ ਰਵਿੰਦਰ ਗਰਗ ਨੇ ਸਮੁੱਚੀ ਟੀਮ ਨਾਲ ਛਾਪਾ ਮਾਰ ਕੇ ਤਿੰਨ ਹਜ਼ਾਰ ਲੀਟਰ ਮਿਲਾਵਟੀ ਦੁੱਧ ਬਰਾਮਦ ਕੀਤਾ ਹੈ।
ਨਾਲ ਹੀ ਮੌਕੇ ‘ਤੇ ਨਕਲੀ ਦੁੱਧ ਤਿਆਰ ਕਰਨ ਵਾਲੇ ਗੁਲੂਕੋਜ਼ ਦੇ 11 ਥੈਲੇ, 18 ਟੀਨ ਰਿਫਾਇੰਡ ਤੇਲ ਤੇ 175 ਲੀਟਰ ਹੋਰ ਸਮੱਗਰੀ ਬਰਾਮਦ ਕੀਤੀ ਹੈ। ਮੌਕੇ ‘ਤੇ ਪਹੁੰਚੀ ਟੀਮ ਨੇ ਦੁੱਧ ਦੇ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤੇ ਹਨ।
ਡੀਐੱਸਪੀ ਮੋਹਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੂੰ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਕਿ ਸੋਹੀਆਂ ਪਿੰਡ ‘ਚ ਨਕਲੀ ਦੁੱਧ ਤਿਆਰ ਕਰਨ ਵਾਲੀ ਇਕ ਫੈਕਟਰੀ ਹੈ, ਜਿਸ ‘ਚ ਨਕਦੀ ਦੁੱਧ ਤਿਆਰ ਕਰ ਕੇ ਵੱਖ-ਵੱਖ ਥਾਵਾਂ ‘ਤੇ ਸਪਲਾਈ ਕੀਤਾ ਜਾਂਦਾ ਹੈ।
ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਛਾਪੇਮਾਰੀ ਕੀਤੀ ‘ਤੇ ਵੱਡੀ ਮਾਤਰਾ ‘ਚ ਨਕਲੀ ਦੁੱਧ ਤੇ ਦੁੱਧ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਕੀਤਾ। ਡੀਐੱਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਸ਼ੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।
ਫੂਡ ਸੇਫਟੀ ਅਫਸਰ ਰਵਿੰਦਰ ਗਰਗ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸ ਦੁੱਧ ਫੈਕਟਰੀ ਦੇ ਸੈਂਪਲ ਭਰੇ ਗਏ ਸਨ ਤੇ ਇਹ ਸੈਂਪਲ ਫੇਲ੍ਹ ਹੋਏ ਸਨ। ਸੈਂਪਲ ਰਿਪੋਰਟ ਦੇ ਆਧਾਰ ‘ਤੇ ਕੇਸ ਅਦਾਲਤ ‘ਚ ਵਿਚਾਰ-ਅਧੀਨ ਹੈ।