ਮੁੰਬਈ (ਸਮਾਜ ਵੀਕਲੀ) : ਉੱਘੇ ਅਦਾਕਾਰ ਮਿਥੁਨ ਚੱਕਰਵਰਤੀ ਦੇ ਪੁੱਤਰ ਮਹਾਅਕਸ਼ੈ ਅਤੇ ਉਨ੍ਹਾਂ ਦੀ ਪਤਨੀ ਯੋਗਿਤਾ ਬਾਲੀ ਖ਼ਿਲਾਫ਼ ਇਕ ਮਹਿਲਾ ਵੱਲੋਂ ਜਬਰ-ਜਨਾਹ ਅਤੇ ਧੋਖਾਧੜੀ ਦੀ ਸ਼ਿਕਾਇਤ ਮਗਰੋਂ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ 38 ਵਰ੍ਹਿਆਂ ਦੀ ਸ਼ਿਕਾਇਤਕਰਤਾ ਦੇ ਮਹਾਅਕਸ਼ੈ ਚੱਕਰਵਰਤੀ ਨਾਲ 2015 ਤੋਂ 2018 ਤੱਕ ਸਬੰਧ ਸਨ ਅਤੇ ਉਸ ਨੇ ਵਿਆਹ ਦਾ ਵਾਅਦਾ ਕੀਤਾ ਸੀ। ਮਹਿਲਾ ਨੇ ਦੋਸ਼ ਲਾਇਆ ਕਿ ਉਹ ਜਦੋਂ ਅੰਧੇਰੀ ਵੈਸਟ ’ਚ ਆਦਰਸ਼ ਨਗਰ ਸਥਿਤ ਮਹਾਅਕਸ਼ੈ ਦਾ ਫਲੈਟ ਦੇਖਣ ਲਈ ਗਈ ਸੀ ਤਾਂ ਨਸ਼ੀਲਾ ਪਦਾਰਥ ਪਿਆ ਕੇ ਉਸ ਨੇ ਸਰੀਰਕ ਸਬੰਧ ਬਣਾਏ ਸਨ।
ਮਹਿਲਾ ਮੁਤਾਬਕ ਜਦੋਂ ਉਹ ਗਰਭਵਤੀ ਹੋ ਗਈ ਤਾਂ ਮਹਾਅਕਸ਼ੈ ਨੇ ਉਸ ਨੂੰ ਗਰਭਪਾਤ ਲਈ ਮਜਬੂਰ ਕੀਤਾ। ਜਨਵਰੀ 2018 ’ਚ ਮਹਾਅਕਸ਼ੈ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਮਗਰੋਂ ਉਸ ਦੀ ਮਾਂ ਯੋਗਿਤਾ ਬਾਲੀ ਨੇ ਵੀ ਉਸ ਨੂੰ ਧਮਕੀ ਦਿੱਤੀ ਸੀ। ਇਸ ਮਗਰੋਂ ਉਹ ਦਿੱਲੀ ਚਲੀ ਗਈ ਸੀ ਜਿਥੇ ਉਸ ਨੇ ਮਾਂ-ਪੁੱਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਦਿੱਲੀ ਦੀ ਅਦਾਲਤ ਨੇ ਉਨ੍ਹਾਂ ਨੂੰ ਪੇਸ਼ਗੀ ਜ਼ਮਾਲਤ ਦੇ ਦਿੱਤੀ ਸੀ। ਮਾਰਚ 2020 ’ਚ ਦਿੱਲੀ ਹਾਈ ਕੋਰਟ ਨੇ ਮਹਿਲਾ ਨੂੰ ਮੁੰਬਈ ’ਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।