ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐੱਸ.ਕ੍ਰਿਸ਼ਨਾਮੂਰਤੀ ਨੇ ਅੱਜ ਕਿਹਾ ਕਿ ਭਾਰਤ ਦਾ ਚੋਣ ਪ੍ਰਬੰਧ ਆਪਣੀ ਉਪਯੋਗਤਾ ਦੀ ਮਿਆਦ ਪੁਗਾ ਚੁੱਕਾ ਹੈ ਤੇ ਹੁਣ ਇਸ ਨੂੰ ਬਦਲਣ ਦੀ ਲੋੜ ਹੈ। ਮੁੱਖ ਚੋਣ ਕਮਿਸ਼ਨਰ ਵਜੋਂ 2004 ਦੀਆਂ ਲੋਕ ਸਭਾ ਚੋਣਾਂ ਦਾ ਪ੍ਰਬੰਧ ਵੇਖਣ ਵਾਲੇ ਕ੍ਰਿਸ਼ਨਾਮੂਰਤੀ ਨੇ ਕਿਹਾ ਚੋਣ ਪ੍ਰਬੰਧ, ਜਿਸ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਜਾਂਦਾ ਹੈ, ਨੂੰ ਅਜਿਹੇ ਪ੍ਰਬੰਧ ਨਾਲ ਬਦਲ ਦਿੱਤਾ ਜਾਵੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਸਰਬਸੰਮਤੀ ਨਾਲ ਚੁਣੇ ਉਮੀਦਵਾਰ ਨੂੰ ਜੇਤੂ ਐਲਾਨਿਆ ਜਾਵੇ। ਪਰ ਉਨ੍ਹਾਂ ਨਾਲ ਹੀ ਇਸ ਗੱਲ ਦਾ ਅਫ਼ਸੋਸ ਵੀ ਜਤਾਇਆ ਕਿ ਕੋਈ ਵੀ ਪਾਰਟੀ(ਸਿਆਸੀ) ਚੋਣ ਸੁਧਾਰਾਂ ਵਿਚ ਰੁਚੀ ਨਹੀਂ ਰੱਖਦੀ। ਇਸ ਖ਼ਬਰ ਏਜੰਸੀ ਨੂੰ ਟੈਲੀਫੋਨ ’ਤੇ ਦਿੱਤੀ ਇੰਟਰਵਿਊ ਦੌਰਾਨ ਕ੍ਰਿਸ਼ਨਾਮੂਰਤੀ ਨੇ ਕਿਹਾ, ‘ਜਦੋਂ ਤਕ ਤੁਸੀਂ ਕੋਈ ਯੋਜਨਾ ਨਹੀਂ ਲਿਆਉਂਦੇ, ਉਦੋਂ ਤਕ ਤੁਸੀਂ ਚੋਣ ਪ੍ਰਬੰਧ ਨੂੰ ਸਵਾਲ ਨਹੀਂ ਕਰ ਸਕਦੇ। ਇਥੇ ਕੋਈ ਵੀ ਚੋਣ ਸੁਧਾਰਾਂ ਦੀ ਗੱਲ ਨਹੀਂ ਕਰਦਾ।’ ਉਨ੍ਹਾਂ ਦਾਅਵਾ ਕੀਤਾ ਕਿ ਜਮਹੂਰੀਅਤ ਵਿੱਚ ਸਿਆਸੀ ਪਾਰਟੀਆਂ ਸਭ ਤੋਂ ਕਮਜ਼ੋਰ ਕੜੀ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਚੋਣ ਸੁਧਾਰਾਂ ਲਈ ਇਕੱਠਿਆਂ ਹੋ ਕੇ ਪਹਿਲਕਦਮੀ ਕਰਦਿਆਂ ਕੋਈ ਨਾ ਕੋਈ ਤਜਵੀਜ਼ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਹਾਲ ਦੀ ਘੜੀ ਜਿੰਨੇ ਚੋਣ ਸੁਧਾਰ ਹੋਏ ਹਨ, ਉਹ ਅਦਾਲਤਾਂ ਵੱਲੋਂ ਆਏ ਹਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਤੇ ਵੱਖ ਵੱਖ ਐਨਜੀਓ’ਜ਼ ਦੀ ਹਮਾਇਤ ਰਹੀ ਹੈ। ਉਨ੍ਹਾਂ (ਸਿਆਸੀ ਪਾਰਟੀਆਂ) ਨੂੰ ਭਾਰਤੀ ਚੋਣ ਪ੍ਰਬੰਧ ਦੇ ਲੰਮੇ ਸਮੇਂ ਦੇ ਵਿਕਾਸ ਵੱਲ ਵੇਖਣਾ ਚਾਹੀਦਾ ਹੈ।’
INDIA ਮਿਆਦ ਪੁਗਾ ਚੁੱਕੇ ਚੋਣ ਪ੍ਰਬੰਧ ਨੂੰ ਬਦਲਣ ਦੀ ਲੋੜ: ਕ੍ਰਿਸ਼ਨਾਮੂਰਤੀ