ਤਾਮਿਲਨਾਡੂ: ਸਟਾਲਿਨ ਦੀ ਧੀ ਦੇ ਘਰ ਟੈਕਸ ਵਿਭਾਗ ਵੱਲੋਂ ‘ਛਾਪੇ’

ਚੇਨੱਈ (ਸਮਾਜ ਵੀਕਲੀ) : ਟੈਕਸ ਅਧਿਕਾਰੀਆਂ ਨੇ ਅੱਜ ਡੀਐਮਕੇ ਪ੍ਰਧਾਨ ਐਮ.ਕੇ. ਸਟਾਲਿਨ ਦੀ ਧੀ ਸੇਂਥਾਮਰਈ ਦੀ ਰਿਹਾਇਸ਼ ਉਤੇ ‘ਛਾਪੇ’ ਮਾਰੇ। ਸਟਾਲਿਨ ਦੀ ਧੀ ਸਬਰੀਸਾਨ ਨਾਲ ਵਿਆਹੀ ਹੋਈ ਹੈ ਤੇ ਉਸ ਦੀ ਡੀਐਮਕੇ ਵਿਚ ਕਾਫ਼ੀ ਪੁੱਛਗਿੱਛ ਹੈ। ਪਾਰਟੀ ਨਾਲ ਜੁੜੇ ਕਈ ਅਹਿਮ ਫ਼ੈਸਲੇ ਸਟਾਲਿਨ ਦੇ ਜਵਾਈ ਵੱਲੋਂ ਹੀ ਲਏ ਜਾਂਦੇ ਹਨ। ਆਮਦਨ ਕਰ ਅਧਿਕਾਰੀਆਂ ਨੇ ਹਾਲੇ ਤੱਕ ‘ਛਾਪਿਆਂ’ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਤੇ ਨਾ ਹੀ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਵਿਚ ਚੋਣ ਪ੍ਰਚਾਰ ਇਸ ਵੇਲੇ ਸਿਖ਼ਰਾਂ ਉਤੇ ਹੈ।

ਟੈਕਸ ਅਧਿਕਾਰੀਆਂ ਨੇ ਜੋੜੇ ਨਾਲ ਸਬੰਧਤ ਕਈ ਹੋਰ ਥਾਵਾਂ ਉਤੇ ਵੀ ਛਾਪੇ ਮਾਰੇ ਹਨ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਆਮਦਨ ਕਰ ਵਿਭਾਗ ਨੇ ਸਾਬਕਾ ਮੰਤਰੀ ਤੇ ਡੀਐਮਕੇ ਆਗੂ ਈ.ਵੀ. ਵੇਲੂ ਦੀ ਰਿਹਾਇਸ਼ ਤੇ ਹੋਰ ਟਿਕਾਣਿਆਂ ਉਤੇ ਛਾਪੇ ਮਾਰੇ ਸਨ। ਤਾਮਿਲਨਾਡੂ ਦੀ ਸਿਆਸੀ ਧਿਰ ਡੀਐਮਕੇ ਨੇ ਆਮਦਨ ਕਰ ਅਧਿਕਾਰੀਆਂ ਵੱਲੋਂ ਮਾਰੇ ‘ਛਾਪਿਆਂ’ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਨ੍ਹਾਂ ਦਾ ਮੰਤਵ ‘ਸਿਆਸੀ ਨਿਸ਼ਾਨੇ’ ਲਾਉਣਾ ਹੈ।

ਪਾਰਟੀ ਜਨਰਲ ਸਕੱਤਰ ਦੁਰਈਮੁਰੂਗਨ ਨੇ ਕਿਹਾ ਕਿ ਜਦੋਂ ਪਾਰਟੀਆਂ ਚੋਣ ਪ੍ਰਚਾਰ ਮੁਕਾ ਕੇ ਚੋਣਾਂ ਵਾਲੇ ਦਿਨ ਨੂੰ ਉਡੀਕ ਰਹੀਆਂ ਹਨ ਤਾਂ ਅਜਿਹੇ ਸਮੇਂ ਛਾਪੇ ਮਾਰਨ ਪਿੱਛੇ ‘ਸਿਆਸੀ ਮੰਤਵ’ ਹੀ ਹੋ ਸਕਦੇ ਹਨ। ਪਾਰਟੀ ਆਗੂ ਨੇ ਕਿਹਾ ਕਿ ਕੇਂਦਰ ਨੇ ‘ਗਲਤ ਗਿਣਤੀਆਂ ਮਿਣਤੀਆਂ’ ਕੀਤੀਆਂ ਹਨ ਕਿ ਚੋਣਾਂ ਤੋਂ ਇਕਦਮ ਪਹਿਲਾਂ ਅਜਿਹਾ ਕਰਨ ਨਾਲ ਸਟਾਲਿਨ ਤੇ ਉਸ ਦੇ ਪਰਿਵਾਰ ਨੂੰ ਝਟਕਾ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਚੋਣ ਸੰਭਾਵਨਾਵਾਂ ’ਤੇ ਕੋਈ ਫ਼ਰਕ ਨਹੀਂ ਪਵੇਗਾ। ਪਾਰਟੀ ਆਗੂ ਨੇ ਕਿਹਾ ਕਿ ਡੀਐਮਕੇ ਅਜਿਹੇ ਛਾਪਿਆਂ ਤੋਂ ਡਰਨ ਵਾਲੀ ਨਹੀਂ ਹੈ।

Previous articleਯੂਐੱਸ ਕੈਪੀਟਲ ਹਿੱਲ: ਕਾਰ ਬੈਰੀਕੇਡ ’ਚ ਵੱਜਣ ਨਾਲ ਦੋ ਪੁਲੀਸ ਅਫਸਰ ਜ਼ਖ਼ਮੀ
Next articleਮਿਆਂਮਾਰ: ਪ੍ਰਦਰਸ਼ਨਾਂ ਵਿਚਾਲੇ ਇੰਟਰਨੈੱਟ ਸੇਵਾਵਾਂ ਬੰਦ