ਮਿਆਂਮਾਰ ਦੇ ਹਥਿਆਰਬੰਦ ਧੜੇ ਨੇ ਭਾਰਤ ’ਚ ਸ਼ਰਨ ਮੰਗੀ

ਐਜ਼ੌਲ (ਸਮਾਜ ਵੀਕਲੀ) : ਮਿਆਂਮਾਰ ਦੇ ਹਥਿਆਰਬੰਦ ਬਾਗ਼ੀ ਧੜੇ ‘ਚਿਨ ਨੈਸ਼ਨਲ ਆਰਮੀ’ (ਸੀਐਨਏ) ਨੇ ਭਾਰਤ ਵਿਚ ਆਪਣੇ ਪਰਿਵਾਰਾਂ ਲਈ ਸ਼ਰਨ ਮੰਗੀ ਹੈ। ਜ਼ਿਕਰਯੋਗ ਹੈ ਕਿ ਫ਼ੌਜੀ ਰਾਜ ਪਲਟੇ ਕਾਰਨ ਮਿਆਂਮਾਰ ’ਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਮਿਜ਼ੋਰਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਚਿਨ ਨੈਸ਼ਨਲ ਫਰੰਟ’ ਦੇ ਹਥਿਆਰਬੰਦ ਵਿੰਗ ਸੀਐਨਏ ਨੇ 40 ਪਰਿਵਾਰਾਂ ਲਈ ਭਾਰਤ ਵਿਚ ਸ਼ਰਨ ਮੰਗੀ ਹੈ। ਸੀਐਨਏ ਨੇ ਇਸ ਬਾਰੇ ਫਰਕਾਨ ਪਿੰਡ ਦੀ ਕੌਂਸਲ ਦੇ ਪ੍ਰਧਾਨ ਨੂੰ ਜਾਣੂ ਕਰਵਾਇਆ ਹੈ ਜਿਨ੍ਹਾਂ ਅੱਗੇ ਚਮਫਾਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ।

ਚਮਫਾਈ ਦੇ ਡੀਸੀ ਨੇ ਉੱਚ ਅਥਾਰਿਟੀ ਨੂੰ ਜਾਣਕਾਰੀ ਦੇ ਦਿੱਤੀ ਹੈ। ਰਾਜ ਪਲਟੇ ਕਾਰਨ ਮਿਆਂਮਾਰ ਤੋਂ ਸ਼ਰਨਾਰਥੀਆਂ ਦੇ ਭਾਰਤ ਆਉਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਚੌਕਸੀ ਦੇ ਹੁਕਮ ਜਾਰੀ ਕੀਤੇ ਹਨ। ਮਿਜ਼ੋਰਮ ਦੀ ਮਿਆਂਮਾਰ ਨਾਲ 404 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ। ਸਰਹੱਦ ਨਾਲ ਲੱਗਦੇ ਸਾਰੇ ਪਿੰਡਾਂ ਨੂੰ ਕਿਹਾ ਗਿਆ ਹੈ ਕਿ ਜੇ ਕਿਤੇ ਵੀ ਮਿਆਂਮਾਰ ਤੋਂ ਸ਼ਰਨਾਰਥੀ ਭਾਰਤ ਵਾਲੇ ਪਾਸੇ ਆਉਂਦੇ ਨਜ਼ਰ ਆਉਣ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਚਿਨ ਭਾਈਚਾਰੇ ਦੇ ਹਜ਼ਾਰਾਂ ਮੈਂਬਰ ਪਹਿਲਾਂ ਵੀ ਮਿਆਂਮਾਰ ਤੋਂ ਭੱਜ ਕੇ ਭਾਰਤ ਆਉਂਦੇ ਰਹੇ ਹਨ। 1980 ਤੋਂ ਬਾਅਦ ਲੰਮੇ ਸਮੇਂ ਤੱਕ ਮਿਆਂਮਾਰ ਵਿਚ ਫ਼ੌਜ ਦਾ ਸ਼ਾਸਨ ਰਿਹਾ ਹੈ।

Previous articleਦਿੱਲੀ ਪੁਲੀਸ ਵੱਲੋਂ ਭਾਈ ਇਕਬਾਲ ਸਿੰਘ ਗ੍ਰਿਫ਼ਤਾਰ
Next articleਸਰਕਾਰ ਨਵੇਂ ਖੇਤੀ ਕਾਨੂੰਨ ਲਾਗੂ ਕਰਨ ਲਈ ਵਚਨਬੱਧ: ਸੰਜੀਵ ਸਾਨਿਆਲ