ਨਿਊਯਾਰਕ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਕਿਹਾ ਕਿ ਮਿਆਂਮਾਰ ’ਚ ਫ਼ੌਜ ਵੱਲੋਂ ਕੀਤੇ ਗਏ ਤਖ਼ਤਾਪਲਟ ਨੂੰ ਅਸਫ਼ਲ ਬਣਾਉਣ ਲਈ ਕੌਮਾਂਤਰੀ ਭਾਈਚਾਰੇ ਦੀ ਮਦਦ ਲਈ ਜਾਵੇਗੀ। ਉਨ੍ਹਾਂ ਕਿਹਾ ਇਹ ਬਦਕਿਸਮਤੀ ਹੈ ਕਿ ਸੰਕਟ ਨਾਲ ਨਜਿੱਠਣ ਲਈ ਸੁਰੱਖਿਆ ਕੌਂਸਲ ਇੱਕਜੁਟ ਨਹੀਂ ਹੋਈ। ਮਿਆਂਮਾਰ ਦੀ ਫ਼ੌਜ ਵੱਲੋਂ ਸੱਤਾ ’ਤੇ ਕੰਟਰੋਲ ਕੀਤੇ ਜਾਣ ਮਗਰੋਂ ਸਥਿਤੀ ’ਤੇ ਚਰਚਾ ਲਈ ਮੰਗਲਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਹੋਈ ਸੀ।
ਮਿਆਂਮਾਰ ਦੀ ਫ਼ੌਜ ਨੇ ਸੱਤਾ ਆਪਣੇ ਕੰਟਰੋਲ ’ਚ ਲੈ ਕੇ ਅਤੇ ਸਟੇਟ ਕਾਉਂਸਲਰ ਆਂਗ ਸਾਂ ਸੂ ਕੀ, ਰਾਸ਼ਟਰਪਤੀ ਯੂ ਵਿਨ ਮਿੰਤ ਅਤੇ ਦੇਸ਼ ਹੋਰ ਉੱਚ ਨੇਤਾਵਾਂ ਨੂੰ ਨਜ਼ਰਬੰਦ ਕਰ ਲਿਆ ਸੀ। ਗੁਟੇਰਜ਼ ਨੇ ‘ਦਿ ਵਾਸ਼ਿੰਗਟਨ ਪੋਸਟ’ ਨੂੰ ਦਿੱਤੀ ਇੰਟਰਵਿਊ ’ਚ ਕਿਹਾ, ‘ਬਦਕਿਸਮਤੀ ਨਾਲ ਇਸ ਸਬੰਧ ’ਚ ਸੁਰੱਖਿਆ ਕੌਂਸਲ ਇੱਕਜੁਟ ਨਹੀਂ ਹੋ ਸਕੀ ਅਤੇ ਤਖ਼ਤਾਪਲਟ ਨੂੰ ਅਸਫਲ ਬਣਾਉਣ ਲਈ ਮਿਆਂਮਾਰ ’ਤੇ ਢੁੱਕਵੇਂ ਦਬਾਅ ਵਾਸਤੇ ਅਸੀਂ ਕੌਮਾਂਤਰੀ ਭਾਈਚਾਰੇ ਦੇ ਮੁੱਖ ਦੇਸ਼ਾਂ ਦੀ ਮਦਦ ਲਵਾਂਗੇ।’
ਉਨ੍ਹਾਂ ਕਿਹਾ, ‘ਮਿਆਂਮਾਰ ’ਚ ਨਵੰਬਰ ਮਹੀਨੇ ਸ਼ਾਂਤੀਪੂਰਨ ਚੋਣਾਂ ਹੋਣ ਮਗਰੋਂ ਇਹ ‘ਪੂਰੀ ਤਰ੍ਹਾਂ ਨਾਮਨਜ਼ੂਰ’ ਹੈ ਕਿ ਚੋਣ ਨਤੀਜਿਆਂ ਅਤੇ ਜਨਤਾ ਦੀਆਂ ਇੱਛਾਵਾਂ ਨੂੰ ਖਾਰਜ ਕਰ ਦਿੱਤਾ ਜਾਵੇੇ।’ ਮਿਆਂਮਾਰ ਦੀ ਮੌਜੂਦਾ ਸਥਿਤੀ ਬਾਰੇ ਸੁਰੱਖਿਆ ਕੌਂਸਲ ਵੱਲੋਂ ਹਾਲੇ ਤਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ। ਗੁਟੇਰੇਜ਼ ਨੇ ਕਿਹਾ, ‘ਤਖ਼ਤਾਪਲਟ ਪੂਰੀ ਤਰ੍ਹਾਂ ਨਾਮਨਜ਼ੂਰ ਹੈ ਅਤੇ ਮੈਨੂੰ ਉਮੀਦ ਹੈ ਕਿ ਮਿਆਂਮਾਰ ਵਿੱਚ ਇੱਕ ਵਾਰ ਫਿਰ ਲੋਕਤੰਤਰ ਅੱਗੇ ਵਧੇਗਾ।