ਮਾਵਾਂ / ਕਵਿਤਾ

ਦੁਨੀਆਂ ਦੀ ਇਸ ਧਰਤੀ ਉੱਤੇ
ਰੱਬ ਨੇ ਲਾਏ ਨੇ ਸੋਹਣੇ ਬੂਟੇ ਮਾਵਾਂ ਦੇ ।

ਹਰ ਇਕ ਨੂੰ ਇਹਨਾਂ ਤੋਂ
ਮਿਲਦੇ ਨੇ ਖੁਲ੍ਹੇ ਗੱਫੇ ਛਾਵਾਂ ਦੇ ।

ਜਦੋਂ ਯਾਰ ਛੱਡ ਜਾਂਦੇ ਨੇ
ਇਨਸਾਨ ਨੂੰ ਕਰਕੇ ਬੇਸਹਾਰਾ ।

ਉਦੋਂ ਡੰਗੋਰੀ ਬਣ ਕੇ
ਮਾਵਾਂ ਦਿੰਦੀਆਂ ਨੇ ਸਹਾਰਾ ।

ਆਪਣੇ ਦਿਲ ’ਚ ਲੁਕਾ ਕੇ ਲੱਖਾਂ ਗ਼ਮ
ਮਾਵਾਂ ਵੰਡਣ ਖੁਸ਼ੀਆਂ ਦੇ ਪਤਾਸੇ ।

ਪਲਾਂ ਵਿਚ ਖਿੜਾ ਦਿੰਦੀਆਂ ਨੇ
ਮਾਵਾਂ , ਚਿਹਰੇ ਉਦਾਸੇ ।

ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ
ਕਿ ਬਦਲਣੀਆਂ ਸੌਖੀਆਂ ਨਹੀਂ ਤਕਦੀਰਾਂ ।

ਪਰ ਪੁੱਤਰਾਂ ਦੀ ਸੁਖਾਵੀਂ ਜ਼ਿੰਦਗੀ ਲਈ
ਮਾਵਾਂ ਬੈਠ ਕੇ ਸੋਚਣ ਤਦਬੀਰਾਂ ।

ਬੇਸ਼ੱਕ ਪੁੱਤਰ ਦੇਣ ਮਾਵਾਂ ਨੂੰ
ਕੌੜੇ ਬੋਲਾਂ ਦੇ ਜ਼ਾਲਮ ਖ਼ਾਰ ।

ਤਾਂ ਵੀ ਮਾਵਾਂ ਦੇਣ ਉਹਨਾਂ ਨੂੰ
ਮਿੱਠੇ ਬੋਲਾਂ ਦੇ ਸੋਹਣੇ ਹਾਰ ।

ਮਾਵਾਂ ਦੇ ਹੁੰਦਿਆਂ ਕੋਈ ਤੋੜ ਨਾ ਸਕੇ
ਜੀਵਨ ਦੀ ਸੁੰਦਰ ਰਬਾਬ ।

‘ਜ਼ਿੰਦਗੀ ਵਿਚ ਕਦੇ ਹਾਰ ਹੋਏ ਨਾ’
ਇਹ ਮਾਵਾਂ ਦੇ ਖ਼ਾਬ ।

ਜਿਹੜੇ ਆਪਣੀਆਂ ਮਾਵਾਂ ਦਾ
ਕਰਦੇ ਨਹੀਂ ਸਤਿਕਾਰ ।

ਉਹਨਾਂ ਦੇ ਜੀਵਨ-ਬਾਗ ’ਚ
ਆਏ ਨਾ ਕਦੇ ਬਹਾਰ ।

ਜਿਹੜੇ ਆਪਣੀਆਂ ਮਾਵਾਂ ਤੋਂ
ਲੈਂਦੇ ਨਹੀਂ ਪਿਆਰ ।

‘ਮਾਨ’ ਉਹਨਾਂ ਲਈ ਉਜਾੜ ਹੈ
ਇਹ ਖੂਬਸੂਰਤ ਸੰਸਾਰ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} 9915803554

Previous articleਹੋਮ ਡਲਿਵਰੀ
Next articleਔਰੰਗਾਬਾਦ ਘਟਨਾ: ਵਿਸ਼ੇਸ਼ ਗੱਡੀ ਰਾਹੀਂ ਲਾਸ਼ਾਂ ਜੱਦੀ ਜ਼ਿਲ੍ਹਿਆਂ ’ਚ ਪਹੁੰਚਾਈਆਂ